ਬਰਨਾਲਾ : ਬਰਨਾਲਾ ਸ਼ਹਿਰ ਨੂੰ ਸੁੰਦਰ, ਹਰਾ-ਭਰਾ ਅਤੇ ਪਲਾਸਟਿਕ ਮੁਕਤ ਕਰਨ ਲਈ ਕੁੱਝ ਵਾਤਾਵਰਨ ਪ੍ਰੇਮੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ। ਇਸੇ ਤਹਿਤ ਅੱਜ ਵਾਤਾਵਰਨ ਪ੍ਰੇਮੀਆਂ ਦੀ ਸੰਸਥਾ ਵਲੋਂ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਅੰਤਰਰਾਸ਼ਟਰੀ ਵਾਤਾਵਰਨ ਪ੍ਰੇਮੀ ਖਾਮੂ ਰਾਮ ਬਿਸ਼ਨੋਈ ਨੂੰ ਬੁਲਾਇਆ ਅਤੇ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਦੌਰਾਨ ਖਾਮੂ ਰਾਮ ਨੇ ਸਮਾਜ ਨੂੰ ਸਾਫ ਅਤੇ ਪਲਾਸਟਿਕ ਮੁਕਤ ਕਰਨ ਲਈ ਆਪਣੇ ਤਜੁਰਬੇ ਸਾਂਝੇ ਕੀਤੇ।
ਜਨੂੰਨ ਨਾਲ ਬਚੇਗਾ ਵਾਤਾਵਰਣ :ਵਾਤਾਵਰਨ ਪ੍ਰੇਮੀ ਖਾਮੂ ਰਾਮ ਨੇ ਕਿਹਾ ਕਿ ਬਰਨਾਲਾ ਦੇ ਕੁਦਰਤ ਪ੍ਰੇਮੀਆਂ ਦਾ ਸਨਮਾਨ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਕੁਦਰਤ ਲਈ ਪੌਜੀਟਿਵ ਤੌਰ ਤੇ ਜ਼ਨੂੰਨ ਨਾਲ ਕੰਮ ਕਰਨਾ ਚਾਹੀਦਾ ਹੈ। ਸਿਰਫ਼ ਕਹਿਣ ਦੀ ਥਾਂ ਕੁਦਰਤ ਲਈ ਸਾਨੂੰ ਖੁ਼ਦ ਨੂੰ ਕੰਮ ਕਰਨਾ ਪਵੇਗਾ। ਉਹਨਾਂ ਕਿਹਾ ਕਿ ਗਰੁੱਪ ਬਣਾ ਕੇ ਕਚਰੇ ਨੂੰ ਸਾਫ਼ ਕਰਕੇ ਸਫ਼ਾਈ ਰੱਖਣੀ ਚਾਹੀਦੀ ਹੈ। ਬਰਨਾਲਾ ਦੇ ਲੋਕਾਂ ਨੂੰ ਆਪਣੇ ਸ਼ਹਿਰ ਨੂੰ ਹਰਾ ਭਰਾ ਅਤੇ ਸਾਫ਼ ਰੱਖਣ ਦਾ ਉਦੇਸ਼ ਬਣਾਉਣਾ ਚਾਹੀਦਾ ਹੈ ਅਤੇ ਗਰੁੱਪ ਬਣਾ ਕੇ ਇਸ ਲਈ ਕੰਮ ਕਰਨਾ ਚਾਹੀਦਾ ਹੈ। ਇਸ ਨਾਲ ਬਰਨਾਲਾ ਜਲਦ ਹੀ ਹਰਾ ਭਰਾ ਅਤੇ ਸਾਫ਼ ਹੋ ਜਾਵੇਗਾ। ਉਹਨਾਂ ਕਿਹਾ ਕਿ ਬਰਨਾਲਾ ਸ਼ਹਿਰ ਦੇ ਦੇਖਿਆ ਹੈ ਕਿ ਅਨੇਕਾਂ ਖਾਲੀ ਥਾਵਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਜਿਹਨਾਂ ਨੂੰ ਸਰਕਾਰ ਤੇ ਦਬਾਅ ਪਾ ਕੇ ਸਫ਼ਾਈ ਕਰਵਾਉਣੀ ਚਾਹੀਦੀ ਹੈ। ਇਸ ਲਈ ਆਮ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ। ਸਫ਼ਾਈ ਕਰਨ ਵਾਲੇ ਸੇਵਾਦਾਰਾਂ ਨੂੰ ਵੀ ਸਨਮਾਨ ਕਰਕੇ ਹੌਂਸਲਾ ਵਧਾਉਣਾ ਚਾਹੀਦਾ ਹੈ।