ਬਰਨਾਲਾ: ਬਰਨਾਲਾ ਦੀ ਬਾਜਵਾ ਪੱਤੀ 'ਚ ਬਣੇ ਗੁਰਦੁਆਰਾ ਸਾਹਿਬ ਵਿਖੇ ਅੱਜ ਦੁਪਹਿਰ ਸਮੇਂ ਭਿਆਨਕ ਅੱਗ ਲੱਗਣ ਨਾਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਗਨ ਭੇਂਟ ਹੋ ਗਿਆ। ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 9 ਸਰੂਪ ਸਨ, ਜਿਨ੍ਹਾਂ ਵਿੱਚੋਂ 8 ਸਰੂਪ ਸੁਰੱਖਿਅਤ ਹਨ। ਗੁਰੂ ਗ੍ਰੰਥ ਸਾਹਿਬ ਵਾਲੀ ਪਾਲਕੀ ਵੀ ਸੜ ਕੇ ਰਾਖ ਹੋ ਗਈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਪ੍ਰਤੱਖ ਦਰਸ਼ੀਆਂ ਅਨੁਸਾਰ ਇਹ ਅੱਗ ਸਾਰਟ ਸਰਕਟ ਕਾਰਨ ਲੱਗੀ ਹੈ।
ਇਸ ਅੱਗ ਕਾਰਨ ਗੁਰੂ ਸਾਹਿਬ ਦਾ ਇਕ ਸਰੂਪ, ਗੱਦੇ, ਪੱਖੇ, ਦਰੀਆਂ, ਚਾਦਰਾਂ ਅਤੇ ਬਿਸਤਰੇ ਵਗੈਰਾ ਅਗਨ ਭੇਂਟ ਹੋ ਗਏ। ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਣ ਤੋਂ ਪਹਿਲਾਂ ਹੀ ਲੋਕਾਂ ਨੇ ਅੱਗ ’ਤੇ ਕਾਬੂ ਪਾ ਲਿਆ ਸੀ । ਘਟਨਾ ’ਤੇ ਐਸਜੀਪੀਸੀ ਦੇ ਨੁਮਾਇੰਦਿਆਂ ਤੋਂ ਇਲਾਵਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਹੁੰਚੇ। ਜਿਨ੍ਹਾਂ ਵਲੋਂ ਮੌਕੇ ਦਾ ਜਾਇਜ਼ਾ ਲੈ ਕੇ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਅੱਗ ਏਨੀ ਭਿਆਨਕ ਸੀ ਕਿ ਅੱਗ ਦਾ ਧੂੰਆਂ ਗੁਰਦੁਆਰਾ ਸਾਹਿਬ ਦੇ ਬਾਹਰ ਲਾਟਾਂ ਬਣ ਕੇ ਨਿਕਲ ਰਿਹਾ ਸੀ। ਜਿਸ ਤੋਂ ਬਾਅਦ ਉਨ੍ਹਾਂ ਵਲੋਂ ਨੇੜੇ ਦੇ ਰਹਿਣ ਵਾਲੇ ਲੋਕਾਂ ਨੂੰ ਇਕੱਠੇ ਕਰਕੇ ਗੁਰਦੁਆਰਾ ਸਾਹਿਬ ਦਾ ਗੇਟ ਖੋਲ੍ਹਿਆ ਤੇ ਅੱਗ ਉਤੇ ਕਾਬੂ ਪਾਇਆ।