ਅੰਮ੍ਰਿਤਸਰ:ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ 11 ਅਰਬ 38 ਕਰੋੜ 14 ਲੱਖ 54 ਹਜ਼ਾਰ 380 ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਇਸ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਮਤੇ ਪੇਸ਼ ਕਰਨ ਤੋਂ ਪਹਿਲਾਂ ਸਮੁੱਚੇ ਹਾਊਸ ਵਲੋਂ ਮੂਲਮੰਤਰ ਦੇ 5 ਵਾਰ ਜਾਪ ਕੀਤੇ ਗਏ। ਇਸ ਬਜਟ ਇਜਲਾਸ ਤੋਂ ਬਾਅਦ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸਜੀਪੀਸੀ ਦੇ ਟਵੀਟ ਹੈਂਡਲ ਤੋਂ ਇੱਕ ਟਵੀਟ ਡਿਲੀਟ ਕੀਤਾ ਗਿਆ ਸੀ। ਜਿਸਦੇ ਚੱਲਦੇ ਅਸੀਂ ਪੁਲਿਸ ਕੋਲ ਸ਼ਿਕਾਇਤ ਲੈ ਕੇ ਗਏ ਹਾਂ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਇਸ ਟਵੀਟ ਵਿੱਚ ਐੱਸਜੀਪੀਸੀ ਨੇ ਪੰਜਾਬ ਪੁਲਿਸ ਤੇ ਗ੍ਰਹਿ ਵਿਭਾਗ ਨੂੰ ਟੈਗ ਕੀਤਾ ਹੋਇਆ ਸੀ।
ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਬਣੀ ਨੂੰ ਅੱਜ ਮੰਗਲਵਾਰ ਨੂੰ 102 ਸਾਲ ਹੋ ਗਏ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਬੜੀ ਜਦੋਂ ਜਹਿਦ ਕਰਕੇ ਹੋਂਦ ਵਿੱਚ ਆਈ ਹੈ। ਉਨ੍ਹਾਂ ਕਿਹਾ ਕਿ ਇਸ ਕਮੇਟੀ ਦੇ ਮੈਂਬਰ ਕਾਨੂੰਨੀ ਪ੍ਰਕ੍ਰਿਆ ਰਾਹੀ ਚੁਣੇ ਜਾਂਦੇ ਹਨ।