ਰਾਊਰਕੇਲਾ: ਭਾਰਤ ਨੇ 2018 ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਜਾਪਾਨ ਨੂੰ ਕਲਾਸੀਫਿਕੇਸ਼ਨ ਦੌਰ ਦੇ ਆਪਣੇ ਪਹਿਲੇ ਮੈਚ ਵਿੱਚ 8-0 ਨਾਲ ਹਰਾਇਆ। ਭਾਰਤੀ ਹਾਕੀ ਟੀਮ ਨੇ 33 ਵਿੱਚੋਂ 27ਵੀਂ ਵਾਰ ਜਾਪਾਨ ਖ਼ਿਲਾਫ਼ ਜਿੱਤ ਦਰਜ ਕੀਤੀ ਹੈ। ਭਾਰਤ ਲਈ ਅਭਿਸ਼ੇਕ ਅਤੇ ਹਰਮਨਪ੍ਰੀਤ ਸਿੰਘ ਨੇ 2-2 ਗੋਲ ਕੀਤੇ ਜਦਕਿ ਮਨਦੀਪ ਸਿੰਘ, ਵਿਵੇਕ ਸਾਗਰ, ਮਨਪ੍ਰੀਤ ਸਿੰਘ ਅਤੇ ਸੁਖਜੀਤ ਸਿੰਘ ਨੇ ਇੱਕ-ਇੱਕ ਗੋਲ ਕੀਤਾ। 9ਵੇਂ ਤੋਂ 16ਵੇਂ ਸਥਾਨ ਲਈ 8 ਟੀਮਾਂ ਕੁਆਟਰਫਾਈਨਲ 'ਚ ਨਹੀਂ ਪਹੁੰਚ ਸਕੀਆਂ। ਇਸ ਦੌਰ 'ਚ ਭਾਰਤ ਦਾ ਪਹਿਲਾ ਮੈਚ ਜਾਪਾਨ ਨਾਲ ਸੀ। ਰੁੜਕੇਲਾ ਵਿੱਚ ਖੇਡੇ ਗਏ ਮੈਚ ਵਿੱਚ ਭਾਰਤ ਨੇ ਜਾਪਾਨ ਨੂੰ 8-0 ਨਾਲ ਹਰਾਇਆ।
ਜਾਪਾਨੀ ਖਿਡਾਰੀਆਂ ਨੂੰ ਕੋਈ ਮੌਕਾ ਨਹੀਂ:ਪਹਿਲੇ ਹਾਫ ਤੱਕ ਭਾਰਤ ਅਤੇ ਜਾਪਾਨ ਦੀ ਟੀਮ ਇੱਕ ਵੀ ਗੋਲ ਨਹੀਂ ਕਰ ਸਕੀ। ਦੋਵਾਂ ਟੀਮਾਂ ਦਾ ਸਕੋਰ 0-0 ਰਿਹਾ, ਪਰ ਜਿਵੇਂ ਹੀ ਤੀਸਰਾ ਕੁਆਰਟਰ ਸ਼ੁਰੂ ਹੋਇਆ, ਗੋਲਾਂ ਦੀ ਬਾਰਸ਼ ਸ਼ੁਰੂ ਹੋ ਗਈ। ਮਨਦੀਪ ਸਿੰਘ ਨੇ ਤੀਜੇ ਕੁਆਰਟਰ ਦੇ ਦੂਜੇ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ। ਇਸ ਤੋਂ ਬਾਅਦ ਅਭਿਸ਼ੇਕ ਨੇ ਮੈਚ ਦੇ 35ਵੇਂ ਮਿੰਟ ਵਿੱਚ, ਵਿਵੇਕ ਸਾਗਰ ਪ੍ਰਸਾਦ ਨੇ 42ਵੇਂ ਮਿੰਟ ਵਿੱਚ, ਅਭਿਸ਼ੇਕ ਨੇ 43ਵੇਂ ਮਿੰਟ ਵਿੱਚ ਸ਼ਾਨਦਾਰ ਗੋਲ ਕੀਤਾ। ਮੈਚ ਦੇ ਤੀਜੇ ਕੁਆਰਟਰ ਦੇ ਅੰਤ ਤੱਕ ਸਕੋਰ 4-0 ਸੀ। ਭਾਰਤੀ ਖਿਡਾਰੀਆਂ ਨੇ ਜਾਪਾਨੀ ਖਿਡਾਰੀਆਂ ਨੂੰ ਕੋਈ ਮੌਕਾ ਨਹੀਂ ਦਿੱਤਾ।