ਚੰਡੀਗੜ੍ਹ ਡੈਸਕ :ਭਾਰਤ ਨੇ ਇੱਕ ਸ਼ਾਨਦਾਰ ਪਾਰੀ ਖੇਡਦਿਆਂ ਟੀ-20 ਮੈਚ ਵਿੱਚ ਆਸਟ੍ਰੇਲੀਆ ਨੂੰ 6 ਦੌੜਾਂ ਨਾਲ ਹਰਾ ਦਿੱਤਾ ਹੈ। ਟੀਮ ਇੰਡੀਆ ਦੇ ਅਰਸ਼ਦੀਪ ਸਿੰਘ ਨੇ ਬੈਂਗਲੁਰੂ 'ਚ ਆਖਰੀ 6 ਗੇਂਦਾਂ 'ਤੇ 10 ਦੌੜਾਂ ਦਾ ਬਚਾਈਆਂ ਅਤੇ ਪਹਿਲੀਆਂ 3 ਗੇਂਦਾਂ 'ਤੇ ਕੋਈ ਰਨ ਨਹੀਂ ਬਣ ਸਕਿਆ। ਕਪਤਾਨ ਮੈਥਿਊ ਵੇਡ ਦਾ ਵੀ ਉਸਨੇ ਵਿਕਟ ਹਾਸਿਲ ਕੀਤਾ। ਆਸਟ੍ਰਲੀਆ ਦੀ ਟੀਮ ਆਖ਼ਰੀ ਓਵਰ ਵਿੱਚ ਸਿਰਫ਼ 3 ਦੌੜਾਂ ਹੀ ਬਣਾ ਸਕੀ ਅਤੇ ਭਾਰਤ ਹੱਥੋਂ ਮੈਚ ਗਵਾ ਬੈਠੀ।
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੀ-20 ਸੀਰੀਜ਼ ਦੇ 5ਵੇਂ ਮੈਚ 'ਚ ਆਸਟ੍ਰੇਲੀਆ ਨੂੰ ਭਾਰਤ ਨੇ 161 ਦੌੜਾਂ ਦਾ ਟੀਚਾ ਦਿੱਤਾ ਸੀ ਅਤੇ ਬੈਂਗਲੁਰੂ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਨੇ 20 ਓਵਰਾਂ 'ਚ 8 ਵਿਕਟਾਂ 'ਤੇ 160 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਖੇਡਦਿਆਂ ਆਸਟ੍ਰੇਲੀਆ ਨੇ 13.2 ਓਵਰਾਂ ਤੱਕ 4 ਵਿਕਟਾਂ 'ਤੇ 102 ਦੌੜਾਂ ਬਣਾ ਲਈਆਂ ਸਨ।
ਸ਼੍ਰੇਅਸ ਅਈਅਰ ਨੇ ਜੜਿਆ ਅਧਰ ਸੈਂਕੜਾ :ਜਾਣਕਾਰੀ ਮੁਤਾਬਿਕ ਆਰੋਨ ਹਾਰਡੀ 6 ਦੌੜਾਂ ਬਣਾ ਕੇ ਆਊਟ ਹੋਏ। ਉਸਨੂੰ ਰਵੀ ਬਿਸ਼ਨੋਈ ਨੇ ਸ਼੍ਰੇਅਸ ਅਈਅਰ ਦੇ ਹੱਥੋਂ ਕੈਚ ਕਰਵਾਇਆ ਸੀ। ਜ਼ਿਕਰਯੋਗ ਹੈ ਕਿ 161 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕੰਗਾਰੂ ਸਲਾਮੀ ਬੱਲੇਬਾਜ਼ਾਂ ਨੇ ਸ਼ੁਰੂਆਤ ਤੇਜ਼ ਕੀਤੀ ਅਤੇ ਟ੍ਰੈਵਿਸ ਹੈੱਡ ਨੇ ਅਰਸ਼ਦੀਪ ਸਿੰਘ ਦੀਆਂ ਪਹਿਲੀਆਂ 3 ਗੇਂਦਾਂ 'ਤੇ ਲਗਾਤਾਰ 3 ਚੌਕੇ ਲਗਾਏ। ਪਾਰੀ ਦੇ ਤੀਜੇ ਓਵਰ ਵਿੱਚ ਆਏ ਮੁਕੇਸ਼ ਕੁਮਾਰ ਨੇ ਜੋਸ਼ ਫਿਲਿਪ ਨੂੰ ਬੋਲਡ ਕਰ ਦਿੱਤਾ। ਦੂਜੇ ਪਾਸੇ ਸ਼੍ਰੇਅਸ ਅਈਅਰ ਨੇ 53 ਦੌੜਾਂ ਦੀ ਪਾਰੀ ਖੇਡੀ। ਉਸ ਨੇ ਆਪਣੇ ਟੀ-20 ਕਰੀਅਰ ਦਾ 8ਵਾਂ ਅਰਧ ਸੈਂਕੜਾ ਲਗਾਇਆ।
ਦਰਅਸਲ, ਭਾਰਤੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ। ਟੀਮ ਨੇ ਪਾਵਰਪਲੇ 'ਚ 42 ਦੌੜਾਂ ਬਣਾ ਕੇ ਯਸ਼ਸਵੀ ਜੈਸਵਾਲ ਅਤੇ ਰਿਤੂਰਾਜ ਗਾਇਕਵਾੜ ਦੀਆਂ ਵਿਕਟਾਂ ਗੁਆ ਦਿੱਤੀਆਂ। ਜੈਸਵਾਲ ਨੇ ਕੁਝ ਵੱਡੇ ਸ਼ਾਟ ਜੜੇ ਪਰ ਜ਼ਿਆਦਾ ਦੇਰ ਤੱਕ ਬੱਲੇਬਾਜ਼ੀ ਨਹੀਂ ਕਰ ਸਕੇ। ਉਹ 21 ਦੌੜਾਂ ਦੇ ਨਿੱਜੀ ਸਕੋਰ 'ਤੇ ਜੇਸਨ ਬੇਹਰਨਡੋਰਫ ਦਾ ਸ਼ਿਕਾਰ ਬਣੇ, ਅਗਲੇ ਹੀ ਓਵਰ 'ਚ ਬੇਨ ਡਵਾਰਸ ਨੇ ਰਿਤੁਰਾਜ ਗਾਇਕਵਾੜ ਨੂੰ ਵੀ ਆਊਟ ਕਰ ਦਿੱਤਾ। ਇਹ ਵੀ ਯਾਦ ਰਹੇ ਕਿ ਅਈਅਰ ਅਤੇ ਜਿਤੇਸ਼ ਸ਼ਰਮਾ ਦੀ ਜੋੜੀ ਨੇ ਭਾਰਤੀ ਪਾਰੀ ਨੂੰ ਸੰਭਾਲਿਆ ਅਤੇ ਇਨ੍ਹਾਂ ਦੋਵਾਂ ਨੇ 5ਵੀਂ ਵਿਕਟ ਲਈ 42 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤ 17 ਤੋਂ 20 ਓਵਰਾਂ ਵਿੱਚ ਸਿਰਫ਼ 35 ਦੌੜਾਂ ਹੀ ਬਣਾ ਸਕਿਆ ਸੀ।