ਕੀਵ: ਰੂਸ ਨੇ ਯੂਕਰੇਨ ਦੇ ਖਿਲਾਫ ਚੱਲ ਰਹੇ ਹਮਲੇ ਦੌਰਾਨ ਉਸਦੇ ਹਵਾਈ ਅੱਡਿਆਂ ਅਤੇ ਈਂਧਨ ਸੁਵਿਧਾਵਾਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਹਮਲੇ ਦਾ ਦੂਜਾ ਪੜਾਅ ਜਾਪਦਾ ਹੈ, ਜੋ ਤਿੱਖੇ ਵਿਰੋਧ ਕਾਰਨ ਮੱਠਾ ਪੈ ਗਿਆ ਹੈ। ਸੰਯੁਕਤ ਰਾਜ ਅਤੇ ਯੂਰਪੀਅਨ ਯੂਨੀਅਨ (ਈਯੂ) ਨੇ ਯੂਕਰੇਨ ਨੂੰ ਹਥਿਆਰ ਅਤੇ ਗੋਲਾ ਬਾਰੂਦ ਪ੍ਰਦਾਨ ਕੀਤਾ ਹੈ ਅਤੇ ਰੂਸ ਨੂੰ ਹੋਰ ਅਲੱਗ-ਥਲੱਗ ਕਰਨ ਲਈ ਸਖ਼ਤ ਪਾਬੰਦੀਆਂ ਲਗਾਈਆਂ ਹਨ।
ਐਤਵਾਰ ਤੜਕੇ ਯੂਕਰੇਨ ਦੀ ਰਾਜਧਾਨੀ ਕੀਵ ਦੇ ਦੱਖਣ ਵਿੱਚ ਵੱਡੇ ਧਮਾਕੇ ਹੋਏ ਜਦੋਂ ਲੋਕ ਰੂਸੀ ਫੌਜਾਂ ਦੇ ਵੱਡੇ ਹਮਲੇ ਦੇ ਡਰੋਂ ਆਪਣੇ ਘਰਾਂ, ਭੂਮੀਗਤ ਗੈਰੇਜਾਂ ਅਤੇ ਉਪਨਗਰੀਏ ਸਟੇਸ਼ਨਾਂ ਵਿੱਚ ਲੁਕ ਗਏ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੇ ਦਫਤਰ ਅਤੇ ਨੇੜਲੇ ਸ਼ਹਿਰ ਵਾਸਿਲਕੀਵ ਦੇ ਮੇਅਰ ਨੇ ਕਿਹਾ ਕਿ ਰਾਜਧਾਨੀ ਤੋਂ ਲਗਭਗ 25 ਮੀਲ ਦੱਖਣ ਵਿਚ ਜ਼ੁਲਿਆਨੀ ਹਵਾਈ ਅੱਡੇ ਨੇੜੇ ਇਕ ਤੇਲ ਡਿਪੂ ਤੋਂ ਧੂੰਆਂ ਨਿਕਲਦਾ ਦੇਖਿਆ ਗਿਆ।
ਰਾਸ਼ਟਰਪਤੀ ਜ਼ੇਲੇਨਸਕੀ ਦੇ ਦਫ਼ਤਰ ਨੇ ਕਿਹਾ ਕਿ ਰੂਸੀ ਬਲਾਂ ਨੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ਵਿੱਚ ਇੱਕ ਗੈਸ ਪਾਈਪਲਾਈਨ ਵਿੱਚ ਵੀ ਧਮਾਕਾ ਕੀਤਾ। ਜ਼ੇਲੇਨਸਕੀ ਨੇ ਸਹੁੰ ਖਾਧੀ, "ਅਸੀਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅੰਤ ਤੱਕ ਲੜਾਂਗੇ।" ਬਿਆਨ ਵਿਚ ਕਿਹਾ ਗਿਆ ਹੈ ਕਿ ਯੂਕਰੇਨ ਦੀ ਸਰਕਾਰ ਨੇ 39 ਘੰਟੇ ਦਾ ਕਰਫਿਊ ਲਗਾਇਆ ਹੈ ਤਾਂ ਜੋ ਲੋਕ ਸੜਕਾਂ 'ਤੇ ਨਾ ਆਉਣ।