ਹੈਦਰਾਬਾਦ:ਤਾਲਿਬਾਨ ਤੇਜ਼ੀ ਨਾਲ ਅਫ਼ਗਾਨਿਸਤਾਨ ਦੇ ਸ਼ਹਿਰਾਂ ਅਤੇ ਸਰਕਾਰੀ ਅਦਾਰਿਆਂ 'ਤੇ ਕਬਜ਼ਾ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਤਾਲਿਬਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਲਮਾ ਡੈਮ 'ਤੇ ਵੀ ਕਬਜ਼ਾ ਕਰ ਲਿਆ ਹੈ, ਜੋ ਕਿ ਕਈ ਤਰੀਕਿਆਂ ਨਾਲ ਹੈਰਾਨ ਕਰਨ ਵਾਲਾ ਹੈ। ਦਰਅਸਲ, ਸਲਮਾ ਡੈਮ ਨੂੰ ਭਾਰਤ ਅਤੇ ਅਫਗਾਨਿਸਤਾਨ ਦੀ ਦੋਸਤੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ।
ਵਰਤਮਾਨ ਵਿੱਚ, ਅਫਗਾਨਿਸਤਾਨ ਦਾ ਬਹੁਤ ਹਿੱਸਾ ਤਾਲਿਬਾਨ ਦੇ ਕੰਟਰੋਲ ਵਿੱਚ ਹੈ ਅਤੇ ਹੁਣ ਰਾਜਧਾਨੀ ਕਾਬੁਲ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਹੈ। ਇਸ ਦੌਰਾਨ ਤਾਲਿਬਾਨ ਨੇ ਨਵਾਂ ਦਾਅਵਾ ਕੀਤਾ ਹੈ, ਕਿ ਉਸ ਨੇ ਸਲਮਾ ਡੈਮ 'ਤੇ ਵੀ ਕਬਜ਼ਾ ਕਰ ਲਿਆ ਹੈ। ਅਫ਼ਗਾਨਿਸਤਾਨ ਦੇ ਹੇਰਾਤ ਪ੍ਰਾਂਤ ਵਿੱਚ ਸਲਮਾ ਡੈਮ ਨੂੰ ਭਾਰਤ-ਅਫਗਾਨ ਫਰੈਂਡਸ਼ਿਪ ਡੈਮ ਵਜੋਂ ਜਾਣਿਆ ਜਾਂਦਾ ਹੈ। ਤਾਲਿਬਾਨ ਦੇ ਬੁਲਾਰੇ ਨੇ ਇਸ ਡੈਮ 'ਤੇ ਕਬਜ਼ਾ ਕਰਨ ਦਾ ਦਾਅਵਾ ਕਰਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਅਫ਼ਗਾਨ ਰੱਖਿਆ ਮੰਤਰਾਲੇ ਦੇ ਬੁਲਾਰੇ ਫਵਾਦ ਅਮਾਨ ਨੇ ਦੱਸਿਆ ਸੀ, ਕਿ ਤਾਲਿਬਾਨ ਅੱਤਵਾਦੀਆਂ ਨੇ ਸਲਮਾ ਡੈਮ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਟਵੀਟ ਕੀਤਾ, ਕਿ ਸਲਮਾ ਡੈਮ 'ਤੇ ਤਾਲਿਬਾਨ ਦਾ ਹਮਲਾ ਅਸਫਲ ਹੋ ਗਿਆ ਹੈ। ਬੀਤੀ ਰਾਤ ਤਾਲਿਬਾਨ ਨੇ ਹੇਰਾਤ ਪ੍ਰਾਂਤ ਵਿੱਚ ਹਮਲਾ ਕਰਕੇ ਸਲਮਾ ਡੈਮ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਵਾਬੀ ਹਮਲੇ ਵਿੱਚ ਵੱਡੀ ਗਿਣਤੀ ਵਿੱਚ ਤਾਲਿਬਾਨ ਨੂੰ ਨੁਕਸਾਨ ਪਹੁੰਚਿਆ ਹੈ।
ਜ਼ਾਬੁਲ ਪ੍ਰਾਂਤ ਦੀ ਸੂਬਾਈ ਪ੍ਰੀਸ਼ਦ ਦੇ ਮੁਖੀ ਆਟਾ ਜਾਨ ਹੱਕਬਯਾਨ ਨੇ ਕਿਹਾ, ਕਿ ਰਾਜਧਾਨੀ ਕਲਾਤ ਨੂੰ ਤਾਲਿਬਾਨ ਦੇ ਕਬਜ਼ੇ ਹੇਠ ਲੈ ਲਿਆ ਗਿਆ ਸੀ ਅਤੇ ਅਧਿਕਾਰੀ ਨੇੜਲੇ ਫੌਜੀ ਕੈਂਪ ਵਿੱਚ ਜਾਣ ਦੀ ਤਿਆਰੀ ਕਰ ਰਹੇ ਸਨ। ਅਫ਼ਗਾਨਿਸਤਾਨ ਦੇ ਦੱਖਣੀ ਉਰੂਜ਼ਗਾਨ ਪ੍ਰਾਂਤ ਦੇ ਦੋ ਸੰਸਦ ਮੈਂਬਰਾਂ ਨੇ ਕਿਹਾ ਕਿ ਸਥਾਨਕ ਅਧਿਕਾਰੀਆਂ ਨੇ ਸੂਬਾਈ ਰਾਜਧਾਨੀ ਤਿਰਿਨ ਕੋਟ ਨੂੰ ਤੇਜ਼ੀ ਨਾਲ ਅੱਗੇ ਵਧ ਰਹੇ ਤਾਲਿਬਾਨ ਦੇ ਹਵਾਲੇ ਕਰ ਦਿੱਤਾ ਹੈ। ਬਿਸਮਿੱਲਾ ਜਾਨ ਮੁਹੰਮਦ ਅਤੇ ਕੁਦਰਤੁੱਲਾ ਰਹੀਮੀ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਪੱਛਮੀ ਹਿੱਸੇ ਵਿੱਚ ਘੋਰ ਪ੍ਰਾਂਤ ਦੀ ਸੂਬਾਈ ਪ੍ਰੀਸ਼ਦ ਦੇ ਮੁਖੀ ਫ਼ਜ਼ਲ ਹੱਕ ਅਹਿਸਾਨ ਨੇ ਕਿਹਾ ਕਿ ਤਾਲਿਬਾਨ ਨੇ ਸੂਬਾਈ ਰਾਜਧਾਨੀ ਫ਼ਿਰੋਜ਼ ਕੋਹ ਉੱਤੇ ਵੀ ਕਬਜ਼ਾ ਕਰ ਲਿਆ ਹੈ।
ਇਹ ਵੀ ਪੜ੍ਹੋ:- ਅਫ਼ਗਾਨ ਸੁਰੱਖਿਆ ਅਤੇ ਰੱਖਿਆ ਬਲ ਸਾਡੀ ਪ੍ਰਮੁੱਖ ਤਰਜੀਹ: ਅਸ਼ਰਫ ਗਨੀ