ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿੱਚ ਬੁੱਧਵਾਰ ਨੂੰ ਰਾਮ ਮੰਦਰ ਦੇ ਨਿਰਮਾਣ ਲਈ ਭੂਮੀ ਪੂਜਨ ਕੀਤਾ ਤੇ ਮੰਦਰ ਦਾ ਨੀਂਹ ਪੱਥਰ ਰੱਖਿਆ ।
ਸੁਪਰੀਮ ਕੋਰਟ ਨੇ ਪਿਛਲੇ ਸਾਲ ਦਹਾਕਿਆਂ ਪੁਰਾਣੇ ਮੁੱਦੇ ਨੂੰ ਸੁਲਝਾਉਂਦਿਆਂ ਹੋਇਆਂ ਉੱਤਰ ਪ੍ਰਦੇਸ਼ ਦੇ ਸ਼ਹਿਰ ਅਯੁੱਧਿਆ ਵਿੱਚ ਰਾਮ ਮੰਦਰ ਨਿਰਮਾਣ ਦਾ ਮਾਰਗ ਸਾਫ਼ ਕੀਤਾ ਸੀ। ਭੂਮੀ ਪੂਜਨ ਦੇ ਸਮਾਗਮ 'ਤੇ ਦੁਨੀਆ ਭਰ ਦੀਆਂ ਨਜ਼ਰਾਂ ਸਨ। ਅਮਰੀਕਾ ਦੇ ਟਾਈਮਜ਼ ਸਕੁਏਅਰ ਵਿੱਚ ਵਿਸ਼ਾਲ ਬਿਲ ਬੋਰਡ 'ਤੇ ਭਗਵਾਨ ਰਾਮ ਤੇ ਸ਼ਾਨਦਾਰ ਰਾਮ ਮੰਦਰ ਦੀਆਂ 3ਡੀ ਤਸਵੀਰਾਂ ਲਾਈਆਂ ਗਈਆਂ।
ਮੀਡੀਆ ਰਿਪੋਰਟਾਂ ਮੁਤਾਬਕ ਭਗਵਾਨ ਰਾਮ ਦਾ ਸਭ ਤੋਂ ਵੱਡਾ ਹਾਈ ਡੈਫੀਨੇਸ਼ਨ ਡਿਜਿਟਲ ਡਿਸਪਲੇਅ ਟਾਈਮਜ਼ ਸਕੁਏਅਰ 'ਤੇ ਲਾਇਆ ਗਿਆ। ਮੰਨਿਆ ਜਾ ਰਿਹਾ ਹੈ ਕਿ ਇਹ ਦੁਨੀਆ ਦੇ ਸਭ ਤੋਂ ਮਹਿੰਗੇ ਡਿਜਿਟਲ ਹੋਰਡਿੰਗ ਵਿੱਚੋਂ ਇੱਕ ਹੈ ਜਿਸ ਨੂੰ ਟਾਈਮਜ਼ ਸਕੁਏਅਰ 'ਤੇ ਲਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਪ੍ਰਬੰਧਕਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਇਨ੍ਹਾਂ ਇਤਿਹਾਸਕ ਪਲਾਂ ਨੂੰ ਕਾਇਮ ਰੱਖਣ ਲਈ ਇੱਕ ਵੱਖਰੇ ਹੀ ਕਿਸਮ ਦਾ ਸਮਾਗਮ ਹੋਵੇਗਾ। ਯੂਐਸ ਇੰਡੀਆ ਪਬਲਿਕ ਅਫੇਅਰਜ਼ ਕਮੇਟੀ ਦੇ ਚੇਅਰਮੈਨ ਜਗਦੀਸ਼ ਸਹਿਵਾਨੀ ਨੇ ਬੁੱਧਵਾਰ ਨੂੰ ਕਿਹਾ ਕਿ 5 ਅਗਸਤ ਨੂੰ ਇਤਿਹਾਸਕ ਪਲ ਨੂੰ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਹਿਵਾਨੀ ਨੇ ਪੀਟੀਆਈ ਭਾਸ਼ਾ ਨੂੰ ਦੱਸਿਆ ਸੀ ਕਿ ਵਿਸ਼ਾਲ ਨੈਸਡੇਕ ਸਕ੍ਰੀਨ ਤੋਂ ਇਲਾਵਾ 17,000 ਵਰਗ ਫੁੱਟ ਉੱਚੀ ਐਲਈਡੀ ਸਕ੍ਰੀਨ 'ਤੇ 3ਡੀ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।
ਇੱਥੇ ਤੁਹਾਨੂੰ ਦੱਸ ਦਈਏ ਕਿ ਪੀਐਮ ਮੋਦੀ 29 ਸਾਲ ਬਾਅਦ ਰਾਮ ਮੰਦਰ ਪੂਜਾ ਦੇ ਵਿਸ਼ਾਲ ਸਮਾਗਮ ਲਈ ਅਯੁੱਧਿਆ ਪਹੁੰਚੇ ਸਨ ਅਤੇ ਮੰਦਰ ਦਾ ਨੀਂਹ ਪੱਥਰ ਰੱਖਿਆ ਸੀ। ਰਾਮ ਮੰਦਰ ਦਾ ਨੀਂਹ ਪੱਥਰ ਦੁਪਹਿਰ 12 ਵਜੇ 44 ਮਿੰਟ ਅਤੇ 8 ਸਕਿੰਟ 'ਤੇ ਰੱਖਿਆ ਗਿਆ।