ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿਚ ਬਤੌਰ ਲਾਈਨ ਨਿਰਮਾਤਾ ਲੰਮੇਰ੍ਹਾ ਤਜ਼ਰਬਾ ਅਤੇ ਸ਼ਾਨਦਾਰ ਪਹਿਚਾਣ ਰੱਖਦੇ ਗੱਬਰ ਸੰਗਰੂਰ ਆਉਣ ਵਾਲੀ ਪੰਜਾਬੀ ਫਿਲਮ ‘ਵਾਈਟ ਪੰਜਾਬ’ ਨਾਲ ਬਤੌਰ ਨਿਰਦੇਸ਼ਕ ਆਪਣੀ ਨਵੀਂ ਸਿਨੇਮਾਂ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ, ਜਿਸ ਦੁਆਰਾ ਮਸ਼ਹੂਰ ਪੰਜਾਬੀ ਗਾਇਕ ਕਾਕਾ ਸਿਲਵਰ ਸਕਰੀਨ 'ਤੇ ਆਪਣੇ ਪ੍ਰਭਾਵੀ ਸਫ਼ਰ ਦਾ ਆਗਾਜ਼ ਕਰੇਗਾ।
‘ਦਿ ਥੀਏਟਰ ਆਰਮੀ ਫਿਲਮਜ਼’ ਦੇ ਬੈਨਰ ਹੇਠ ਬਣੀ ਇਸ ਫਿਲਮ ਦੀ ਸਟਾਰ ਕਾਸਟ ਵਿਚ ਕਰਤਾਰ ਚੀਮਾ, ਦਕਸ਼ ਅਜੀਤ ਸਿੰਘ, ਰੱਬੀ ਕੰਢੋਲਾ, ਸੈਮੁਅਲ ਜੌਹਨ, ਇੰਦਰ ਬਾਜਵਾ, ਤਾਰਾ ਪਾਲ, ਦੀਪ ਚਾਹਲ, ਸੁਪਨੀਤ ਸਿੰਘ, ਇੰਦਰਜੀਤ, ਦੀਪਕ ਨਿਆਜ਼, ਮਹਾਵੀਰ ਭੁੱਲਰ, ਸਰਤਾਜ਼ ਸੰਧੂ, ਮਹਿਕਦੀਪ ਸਿੰਘ ਰੰਧਾਵਾ, ਜੈਸਮੀਨ, ਭਵਿਆ ਸ਼ਰਮਾ, ਸਤਵੰਤ ਕੌਰ, ਬਲਜਿੰਦਰ ਕੌਰ, ਜਗਦੀਪ ਬੀਮਾ, ਚਨਦੀਪ ਸਿੰਘ, ਮਨੂੰ ਸਿੰਘ ਆਦਿ ਜਿਹੇ ਮੰਨੇ ਪ੍ਰਮੰਨੇ ਪਾਲੀਵੁੱਡ ਚਿਹਰੇ ਸ਼ਾਮਿਲ ਹਨ। ਅਕਤੂਬਰ ਮਹੀਨੇ ਵਰਲਡ ਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਸੋਨੀ ਸਿੰਘ, ਕਾਰਜਕਾਰੀ ਨਿਰਦੇਸ਼ਕ ਗੌਰਵ ਸਰਾਂ, ਐਗਜੀਕਿਊਟਿਵ ਨਿਰਮਾਤਾ ਵਿੱਕੀ ਮਖੂ, ਐਕਸ਼ਨ ਕੋਰਿਓਗ੍ਰਾਫ਼ਰ ਮਨੂੰ ਕੰਬੋਜ ਹਨ।
ਪੰਜਾਬੀ ਫਿਲਮ ‘ਵਾਈਟ ਪੰਜਾਬ’ ਦਾ ਪਹਿਲਾਂ ਲੁੱਕ ਪੰਜਾਬ ਦੇ ਕਰੰਟ ਮੁੱਦਿਆਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਦੇ ਅਹਿਮ ਪਹਿਲੂਆਂ ਸੰਬੰਧੀ ਜਾਣਕਾਰੀ ਦਿੰਦਿਆਂ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਗੱਬਰ ਸੰਗਰੂਰ ਨੇ ਦੱਸਿਆ ਕਿ ਅਜੋਕੇ ਪੰਜਾਬ ਵਿਚ ਨਸ਼ਿਆਂ ਜਿਹੀਆਂ ਅਲਾਮਤਾਂ ਘੱਟ ਹੋਣ ਦੀ ਬਜ਼ਾਏ ਦਿਨੋਂ ਦਿਨ ਆਪਣਾ ਵਜ਼ੂਦ ਅਤੇ ਦਾਇਰਾ ਹੋਰ ਵਿਸ਼ਾਲ ਕਰਦੀਆਂ ਜਾ ਰਹੀਆਂ ਹਨ, ਜਿਸ ਦੀ ਚਪੇਟ ਵਿਚ ਆਏ ਹਜ਼ਾਰਾਂ ਨੌਜਵਾਨਾਂ ਦੇ ਨਾਲ ਨਾਲ ਉਨਾਂ ਦੇ ਪਰਿਵਾਰਾਂ ਨੂੰ ਵੀ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ।
ਇਸ ਤੋਂ ਇਲਾਵਾ ਨੌਜਵਾਨੀ ਵਰਗ ਨੂੰ ਹਨੇਰੀਆਂ ਰਾਹਾਂ ਵੱਲ ਧੱਕ ਰਹੀਆਂ ਹੋਰ ਵੀ ਪਰਸਥਿਤੀਆ ਦਾ ਬਹੁਤ ਹੀ ਦਿਲ ਟੁੰਬਵਾਂ ਵਰਣਨ ਇਸ ਫਿਲਮ ਦੁਆਰਾ ਕੀਤਾ ਗਿਆ ਹੈ। ਹਿੰਦੀ ਅਤੇ ਪੰਜਾਬੀ ਸਿਨੇਮਾ ਲਈ ਬਣੀਆਂ ਕਈ ਵੱਡੀਆਂ, ਚਰਚਿਤ ਅਤੇ ਸਫ਼ਲ ਫਿਲਮਾਂ ਨੂੰ ਸੋਹਣਾ ਮੁਹਾਂਦਰਾ ਦੇਣ ਵਿਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ ਇਹ ਹੋਣਹਾਰ ਅਤੇ ਪ੍ਰਤਿਭਾਵਾਨ ਪੰਜਾਬੀ ਨੌਜਵਾਨ ਗੱਬਰ ਸੰਗਰੂਰ, ਜਿੰਨ੍ਹਾਂ ਵੱਲੋਂ ਲਾਈਨ ਨਿਰਮਾਤਾ ਦੇ ਰੂਪ ਵਿਚ ਕੀਤੀਆਂ ਹਿੰਦੀ, ਪੰਜਾਬੀ ਫਿਲਮਾਂ ਵਿਚ ਸ਼ਾਹਿਦ ਕਪੂਰ ਸਟਾਰਰ ‘ਮੌਸਮ, ਧਰਮਾ ਪ੍ਰੋਡੋਕਸ਼ਨ ਦੀ ‘ਬੱਬਲੀ ਬਾਊਂਸਰ’, ‘ਜਵਾਨੀ ਜਿੰਦਾਬਾਦ’, ‘ਚੰਨਾ ਸੱਚੀ ਮੁੱਚੀ’, ‘ਵੀਰਾਂ ਨਾਲ ਸਰਦਾਰੀ’, ‘ਪਿੰਕੀ ਮੋਗੇ ਵਾਲੀ’, ‘ਸਟੂਪਿਡ 7’, ‘ਤੀਨ ਥੇ ਭਾਈ’, ‘ਲਵ ਐਕਸਪ੍ਰੈੱਸ’, ‘ਧਰਮਾ ਪ੍ਰੋਡੋਕਸ਼ਨ’ ਦੀ ‘ਸਟੂਡੈਂਟ ਆਫ਼ ਦਾ ਈਅਰ’ ਤੋਂ ਇਲਾਵਾ ‘ਸੁਰਖ਼ਾਬ’, ‘ਸਿਕੰਦਰ’, ‘ਸੰਤਾ ਬੰਤਾ’ ਆਦਿ ਸ਼ਾਮਿਲ ਰਹੀਆਂ ਹਨ।
ਇਸ ਦੇ ਨਾਲ ਹੀ ਕਈ ਅਰਥ ਭਰਪੂਰ ਫਿਲਮਾਂ ਦਾ ਨਿਰਮਾਣ ਵੀ ਉਨ੍ਹਾਂ ਵੱਲੋਂ ਆਪਣੇ ਉਕਤ ਘਰੇਲੂ ਬੈਨਰ ਅਧੀਨ ਕੀਤਾ ਜਾ ਚੁੱਕਾ ਹੈ, ਜਿੰਨ੍ਹਾਂ ਵਿਚ ਹਾਲ ਹੀ ਵਿਚ ਆਪਾਰ ਕਾਮਯਾਬ ਰਹੀ ਫਿਲਮ 'ਜਲਵਾਯੂ ਇਨਕਲੇਵ' ਵੀ ਸ਼ੁਮਾਰ ਰਹੀ ਹੈ। ਮੂਲ ਰੂਪ ਵਿਚ ਮਾਲਵਾ ਦੇ ਜ਼ਿਲ੍ਹਾਂ ਸੰਗਰੂਰ ਨਾਲ ਸੰਬੰਧਤ ਅਤੇ ਪੰਜਾਬੀ ਅਤੇ ਹਿੰਦੀ ਫਿਲਮ ਇੰਡਸਟਰੀ ਵਿਚ ਮਾਣਮੱਤੀ ਭੱਲ ਸਥਾਪਿਤ ਕਰ ਚੁੱਕੇ ਲਾਈਨ ਨਿਰਮਾਤਾ ਅਤੇ ਨਿਰਦੇਸ਼ਕ ਗੱਬਰ ਸੰਗਰੂਰ ਅਨੁਸਾਰ ਨਿਰਮਾਤਾ ਅਤੇ ਨਿਰਦੇਸ਼ਕ ਦੇ ਤੌਰ 'ਤੇ ਉਨਾਂ ਦੀ ਸੋਚ ਅਜਿਹੀਆਂ ਫਿਲਮਾਂ ਦਰਸ਼ਕਾਂ ਸਨਮੁੱਖ ਕਰਨ ਦੀ ਹੈ, ਜੋ ਸੰਦੇਸ਼ਮਕ ਹੋਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਲਈ ਰਾਹ ਦਸੇਰਾ ਵੀ ਬਣ ਸਕਣ।