ਅੰਮ੍ਰਿਤਸਰ: ਕਪਿਲ ਸ਼ਰਮਾ ਦੀ ਆਉਣ ਵਾਲੀ ਫਿਲਮ 'ਜਵਿਗਾਟੋ' ਰਿਲੀਜ਼ ਤੋਂ ਪਹਿਲਾਂ ਹੀ ਕਾਫੀ ਸੁਰਖੀਆਂ ਬਟੋਰ ਰਹੀ ਹੈ। ਇਸ ਫਿਲਮ 'ਚ ਕਪਿਲ ਸ਼ਰਮਾ ਅਤੇ ਸ਼ਹਾਨਾ ਗੋਸਵਾਮੀ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਹਾਲ ਹੀ 'ਚ ਕਾਮੇਡੀਅਨ ਨੇ ਇਸ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਕੀਤਾ ਹੈ। ਇਸ ਟ੍ਰੇਲਰ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ ਅਤੇ ਹੁਣ ਅਦਾਕਾਰ ਨੇ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਪੰਜਾਬ ਦਾ ਦੌਰਾ ਕੀਤਾ।
ਉਥੇ ਹੀ ਕਾਮੇਡੀਅਨ ਕਪਿਲ ਸ਼ਰਮਾ ਫਿਲਮ ਦੀ ਕਾਸਟ ਦੇ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਪਿਲ ਸ਼ਰਮਾ ਨੇ ਕਿਹਾ ਕਿ ਉਹ ਆਪਣੀ ਨਵੀਂ ਆ ਰਹੀ ਫ਼ਿਲਮ ਨੂੰ ਲੈ ਕੇ ਚੰਡੀਗੜ੍ਹ ਵਿਚ ਪਹੁੰਚੇ ਸਨ ਅਤੇ ਅੰਮ੍ਰਿਤਸਰ ਵਿੱਚ ਉਹਨਾਂ ਦਾ ਆਪਣਾ ਘਰ ਹੋਣ ਕਰਕੇ ਉਹ ਇੱਥੇ ਆਏ ਹਨ ਅਤੇ ਜਦੋਂ ਵੀ ਅੰਮ੍ਰਿਤਸਰ ਆਉਣ ਦਾ ਮੌਕਾ ਮਿਲਦਾ ਹੈ ਤਾਂ ਉਹ ਦਰਬਾਰ ਸਾਹਿਬ ਨਤਮਸਤਕ ਜ਼ਰੂਰ ਹੁੰਦੇ ਹਨ ਅਤੇ ਉਹ ਦਰਬਾਰ ਸਾਹਿਬ ਇੱਕ ਸ਼ਰਧਾਲੂ ਦੇ ਤੌਰ 'ਤੇ ਨਤਮਸਤਕ ਹੋਣ ਆਏ ਹਨ। ਉਹਨਾਂ ਦੇ ਨਾਲ ਉਹਨਾਂ ਦੀ ਫ਼ਿਲਮ ਅਦਾਕਾਰਾ ਸ਼ਹਾਨਾ ਗੋਸਵਾਮੀ ਅਤੇ ਫਿਲਮ ਦੀ ਨਿਰਦੇਸ਼ਕ ਨੰਦਿਤਾ ਦਾਸ ਵੀ ਮੌਜੂਦ ਸਨ।
ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਫਿਲਮ ਦੇ ਟ੍ਰੇਲਰ ਲਾਂਚ 'ਤੇ ਕਪਿਲ ਸ਼ਰਮਾ ਨੇ ਨਾ ਸਿਰਫ ਭੁਵਨੇਸ਼ਵਰ 'ਚ ਸ਼ੂਟਿੰਗ ਦਾ ਅਨੁਭਵ ਸਾਂਝਾ ਕੀਤਾ ਹੈ ਸਗੋਂ ਫਿਲਮ ਦਾ ਹਿੱਸਾ ਬਣਨ ਦਾ ਕਾਰਨ ਵੀ ਦੱਸਿਆ ਹੈ। ਇਸ ਤੋਂ ਇਲਾਵਾ ਕਪਿਲ ਸ਼ਰਮਾ ਨੇ ਜ਼ਵਿਗਾਟੋ ਦੀ ਡਾਇਰੈਕਟਰ ਨੰਦਿਤਾ ਦਾਸ ਬਾਰੇ ਵੀ ਕਾਫੀ ਕੁਝ ਸ਼ੇਅਰ ਕੀਤਾ ਹੈ। ਦਰਅਸਲ ਫਿਲਮ ਜ਼ਵਿਗਾਟੋ 'ਚ ਝਾਰਖੰਡ ਦੀ ਕਹਾਣੀ ਦੱਸੀ ਗਈ ਹੈ ਪਰ ਇਸ ਫਿਲਮ ਦੀ ਸ਼ੂਟਿੰਗ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ 'ਚ ਕੀਤੀ ਗਈ ਹੈ।