ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਦੇ ਬਾਹਰ ਗੋਲੀ ਚੱਲਣ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਗੇਟ ਨੰਬਰ ਤਿੰਨ 'ਤੇ ਤਾਇਨਾਤ ਸੁਰੱਖਿਆ ਕਰਮਚਾਰੀ ਨੇ ਆਪਣੇ ਆਪ ਨੂੰ ਇੱਕ ਇੰਸਾਸ ਰਾਈਫਲ ਨਾਲ ਗੋਲੀ ਮਾਰ ਲਈ। ਇਸ ਘਟਨਾ ਵਿੱਚ ਕਿਸੇ ਹੋਰ ਜਾਨੀ ਨੁਕਸਾਨ ਬਾਬਤ ਕੋਈ ਖ਼ਬਰ ਨਹੀਂ ਹੈ। ਫਿਲਹਾਲ ਮੌਕੇ 'ਤੇ ਪਹੁੰਚ ਪੁਲਿਸ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਸਵੇਰੇ 10:15 ਵਜੇ ਦੇ ਕਰੀਬ ਦਿੱਲੀ ਹਾਈ ਕੋਰਟ ਦੇ ਗੇਟ ਨੰਬਰ ਤਿੰਨ ਦੇ ਕੋਲ ਗੋਲੀਬਾਰੀ ਦੀ ਆਵਾਜ਼ ਆਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇੱਕ ਜਵਾਨ ਨੂੰ ਜ਼ਖਮੀ ਹਾਲਤ ਵਿੱਚ ਪਾਇਆ, ਜਿਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪਰ ਹਸਪਤਾਲ ਜਾਣ ਤੱਕ ਉਸਦੀ ਮੌਤ ਹੋ ਚੁੱਕੀ ਸੀ। ਮੁੱਢਲੀ ਜਾਂਚ ਵਿੱਚ ਪੁਲਿਸ ਨੂੰ ਪਤਾ ਲੱਗਾ ਕਿ ਮ੍ਰਿਤਕ ਦਾ ਨਾਂ ਟਿੰਕੂ ਰਾਮ ਹੈ, ਜੋ ਰਾਜਸਥਾਨ ਆਰਮਡ ਕਾਂਸਟੇਬਲ ਦੀ ਅੱਠਵੀਂ ਬਟਾਲੀਅਨ ਵਿੱਚ ਕੰਮ ਕਰਦਾ ਸੀ। ਉਹ ਮੂਲ ਰੂਪ ਤੋਂ ਰਾਜਸਥਾਨ ਦੇ ਅਲਵਰ ਦਾ ਰਹਿਣ ਵਾਲਾ ਸੀ। ਛੁੱਟੀ ਤੋਂ ਵਾਪਸ ਆਉਣ ਤੋਂ ਬਾਅਦ ਉਹ ਸਵੇਰੇ 9:30 ਵਜੇ ਡਿਊਟੀ 'ਤੇ ਪਹੁੰਚਿਆ ਸੀ। ਉਸ ਦੀ ਡਿਊਟੀ ਗੇਟ ਨੰਬਰ 3 ਦੀ ਸੁਰੱਖਿਆ ਵਿੱਚ ਲੱਗੀ ਹੋਈ ਸੀ। ਇੱਥੇ ਉਸਨੇ ਆਪਣੀ ਇੰਸਾਸ ਰਾਈਫਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ।