ਲੁਧਿਆਣਾ:ਲੁਧਿਆਣਾ ਦੇ ਮਨੋਜ ਜੈਨ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ, ਟੀਵੀ ਚੈਨਲ ਦੇ ਸ਼ੋਅ ਹੁਨਰਬਾਜ਼ ਵਿੱਚ ਦੇਸ਼ ਭਰ ਦੇ ਜਾਦੂਗਰਾਂ ਨੂੰ ਮਾਤ ਦੇ ਕੇ ਸੈਮੀਫਾਈਨਲ 'ਚ ਪਹੁੰਚਣ ਵਾਲੇ ਮਨੋਜ ਜੈਨ ਦੇ ਹੱਥ ਦੀ ਸਫ਼ਾਈ ਅਤੇ ਤਕਨੀਕ ਦੇ ਦੇਸ਼ ਭਰ ਦੇ ਲੋਕ ਮੁਰੀਦ ਬਣ ਗਏ ਹਨ।
ਕੌਣ ਹੈ ਮਨੋਜ ਜੈਨ: ਮਨੋਜ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ 35 ਸਾਲ ਤੋਂ ਹੱਥ ਦੀ ਸਫ਼ਾਈ ਨਾਲ ਜਾਦੂ ਕਰ ਰਿਹਾ ਹੈ, ਇਕ ਨਿੱਜੀ ਨੈਸ਼ਨਲ ਚੈਨਲ ਦੇ ਸ਼ੋਅ ਵਿੱਚ ਉਸ ਨੂੰ ਪਹਿਲੇ ਹੀ ਔਡੀਸ਼ਨ ਦੇ ਵਿਚ ਮਿਥੁਨ ਚੱਕਰਵਰਤੀ ਵੱਲੋਂ ਸਟੈਂਡਿੰਗ ਓਵੇਸ਼ਨ ਮਿਲੀ ਅਤੇ ਕਈ ਜਾਦੂਗਰਾਂ ਨੂੰ ਮਾਤ ਦੇਣ ਤੋਂ ਬਾਅਦ ਉਹ ਸੈਮੀਫਾਈਨਲ ਤੱਕ ਪਹੁੰਚਿਆ ਪਰ ਸ਼ੋਅ ਦੇ ਕੁਝ ਨਿਯਮਾਂ ਕਰਕੇ ਉਸ ਨੂੰ ਸੈਮੀਫਾਈਨਲ ਤੋਂ ਵਾਪਿਸ ਲੁਧਿਆਣਾ ਪਰਤਣਾ ਪਿਆ। ਪਰ ਸ਼ੋਅ ਦੌਰਾਨ ਵਿਖਾਏ ਗਏ ਤਰੀਕੇ ਹੁਣ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੇ ਨੇ ਅਤੇ ਮਨੋਜ ਜੈਨ ਦੇ ਲੱਖਾਂ ਲੋਕ ਫੈਨ ਬਣ ਗਏ ਹਨ।
ਕਿਵੇਂ ਸ਼ੁਰੂ ਹੋਇਆ ਜਾਦੂਗਰ ਦਾ ਸਫ਼ਰ: ਮਨੋਜ ਜੈਨ ਨੇ ਦੱਸਿਆ ਕਿ ਛੋਟੇ ਹੁੰਦੇ ਉਹ ਨੈਸ਼ਨਲ ਚੈਨਲ ਰਮਾਇਣ ਅਤੇ ਮਹਾਂਭਾਰਤ ਜਦੋਂ ਵੇਖਦਾ ਸੀ ਤਾਂ ਉਸ ਨੂੰ ਜਗਿਆਸਾ ਹੁੰਦੀ ਸੀ ਕਿ ਉਸ ਵਿੱਚ ਵੀ ਅਜਿਹੀਆਂ ਸ਼ਕਤੀਆਂ ਆਵੇ ਅਤੇ ਫਿਰ ਬਚਪਨ ਤੋਂ ਹੀ ਉਹ ਜਾਦੂ ਦਾ ਦੀਵਾਨਾ ਹੋ ਗਿਆ ਅਤੇ ਉਸ ਨੂੰ ਸਿੱਖਣ ਲਈ ਕਈ ਸਾਧੂ ਸੰਤਾਂ ਜੋਤਸ਼ੀਆਂ ਕੋਲ ਜਾਂਦਾ ਰਿਹਾ ਪਰ ਕੁਝ ਵੀ ਨਾ ਹਾਸਲ ਹੋਇਆ।
ਫਿਰ ਉਸ ਨੇ ਪ੍ਰੋਫੈਸ਼ਨਲ ਜਾਦੂਗਰਾਂ ਤੋਂ ਹੱਥ ਦੀ ਸਫ਼ਾਈ ਸਿੱਖਣੀ ਸ਼ੁਰੂ ਕੀਤੀ ਅਤੇ ਅੱਜ ਉਹ ਇਸ ਮੁਕਾਮ 'ਤੇ ਪਹੁੰਚ ਗਿਆ ਕਿ ਦੇਸ਼ ਦੇ ਸਾਰੇ ਹੀ ਵੱਡੇ ਜਾਦੂਗਰਾਂ ਨੂੰ ਉਹ ਆਪਣੇ ਪ੍ਰੋਡਕਟ ਬਣਾਏ ਹੋਏ ਸਪਲਾਈ ਕਰਦਾ ਹੈ ਅਤੇ ਉਨ੍ਹਾਂ ਨੂੰ ਨਵੀਂਆਂ ਤਰਨੀਕਾਂ ਸਿਖਾਉਂਦਾ ਹੈ, ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਉਸ ਨੂੰ ਪਰਿਵਾਰ ਤੋਂ ਕਈ ਵਾਰ ਕੁੱਟ ਵੀ ਪਈ ਪਰ ਉਹ ਪਿੱਛੇ ਨਹੀਂ ਹਟਿਆ ਅਤੇ ਜਦੋਂ ਉਨ੍ਹਾਂ ਨੂੰ ਵਪਾਰ ਵਿੱਚ ਵੱਡਾ ਘਾਟਾ ਹੋਣ ਲੱਗਾ ਤਾਂ ਇਸ ਸ਼ੌਕ ਨੂੰ ਹੀ ਆਪਣਾ ਕਿੱਤਾ ਬਣਾਇਆ ਅਤੇ ਹੁਣ ਉਸ ਦਾ ਪਰਿਵਾਰ ਵੀ ਉਸ ਨੂੰ ਪੂਰਾ ਸਹਿਯੋਗ ਦਿੰਦਾ ਹੈ।
ਗ਼ਜ਼ਬ ਦਾ ਜਾਦੂ ਕਰਦਾ ਹੈ ਇਹ ਮੈਜ਼ਿਕਮੈਨ
ਜਾਦੂ ਦੇ ਸਾਮਾਨ ਦੀ ਪਹਿਲੀ ਦੁਕਾਨ:ਮਨੋਜ ਨੇ ਦੱਸਿਆ ਕਿ ਦੇਸ਼ ਵਿਦੇਸ਼ ਤੋਂ ਜਾਦੂਗਰ ਉਸ ਦੇ ਪ੍ਰੋਡਕਟ ਲੱਗਿਆ ਨੇ ਉਸਦੇ ਖ਼ੁਦ ਦੇ ਬਣਾਏ ਹੋਏ ਹਨ, 100 ਤੋਂ ਵੱਧ ਪ੍ਰੋਡਕਟ ਅਜਿਹੇ ਨੇ ਜਿਸ ਨਾਲ ਕਈ ਜਾਦੂਗਰ ਆਪਣਾ ਗੁਜ਼ਾਰਾ ਚਲਾ ਰਹੇ ਨੇ ਉਸ ਦੇ ਤਰੀਕੇ ਵਰਤ ਕੇ ਉਹ ਮੈਜਿਕ ਸ਼ੋਅ ਚਲਾਉਂਦੇ ਹਨ।
ਮਨੋਜ ਨੇ ਦੱਸਿਆ ਕਿ ਪਹਿਲਾਂ ਜਾਦੂ ਦਾ ਸਾਮਾਨ ਭਾਰਤ ਵਿਚ ਨਹੀਂ ਮਿਲਦਾ ਸੀ ਉਸ ਨੂੰ ਵਿਦੇਸ਼ ਤੋਂ ਮੰਗਵਾਉਣਾ ਪੈਂਦਾ ਸੀ ਜੋ ਕਾਫ਼ੀ ਮਹਿੰਗਾ ਪੈਂਦਾ ਸੀ ਪਰ ਇਸ ਸੰਬੰਧੀ ਇਕ ਮਸ਼ੀਨ ਜਦੋਂ ਉਸ ਨੇ ਇੰਟਰਨੈੱਟ 'ਤੇ ਵੇਖੀ ਤਾਂ ਉਸ ਮਸ਼ੀਨ ਨੂੰ ਵੇਖ ਵੇਖ ਕੇ ਉਹ ਖ਼ੁਦ ਉਸੇ ਤਰ੍ਹਾਂ ਕੰਮ ਕਰਨ ਲੱਗਾ ਅਤੇ ਅੱਜ ਪੂਰੇ ਦੇਸ਼ ਵਿੱਚ ਉਸ ਦੀ ਅਜਿਹੀ ਇਕਲੌਤੀ ਦੁਕਾਨ ਹੈ ਜਿਸਦੇ ਹਜ਼ਾਰਾ ਇਸ ਨਾਲ ਸਬੰਧਤ ਪ੍ਰੋਡਕਟ ਮਿਲਦੇ ਹਨ, ਸਿਰਫ਼ ਦੇਸ਼ ਭਰ ਤੋਂ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਉਸ ਦੇ ਪ੍ਰੋਡਕਟ ਜਾਂਦੇ ਹਨ ਅਤੇ ਇਹ ਸਾਰੇ ਪ੍ਰੋਡਕਟ ਉਹ ਆਪ ਤਿਆਰ ਕਰਦਾ ਹੈ।
ਅੰਧ ਵਿਸ਼ਵਾਸ ਦੇ ਵਿਰੁੱਧ: ਮਨੋਜ ਜੈਨ ਅੰਧਵਿਸਵਾਸ਼ ਦੇ ਸਖ਼ਤ ਖ਼ਿਲਾਫ਼ ਹੈ, ਉਹ ਕਈ ਪਾਖੰਡੀ ਬਾਬਿਆਂ ਵੱਲੋਂ ਚਮਤਕਾਰ ਕਰਨ ਦੇ ਦਾਅਵਿਆਂ ਦੀ ਪੋਲ ਅਕਸਰ ਸੋਸ਼ਲ ਮੀਡੀਆ 'ਤੇ ਰੁਲ਼ਦਾ ਰਹਿੰਦਾ ਹੈ ਅਤੇ ਉਹ ਇਸ ਸੰਬੰਧੀ ਖੁੱਲ੍ਹਾ ਚੈਲੰਜ ਵੀ ਕਰ ਚੁੱਕਾ ਹੈ ਕਿ ਸਿਰਫ਼ ਪ੍ਰੋਫ਼ੈਸ਼ਨਲ ਜਾਦੂਗਰ ਜੋ ਕਿ ਹੱਥ ਦੀ ਸਫ਼ਾਈ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਹਨ, ਉਨ੍ਹਾਂ ਨੂੰ ਛੱਡ ਕੇ ਕੋਈ ਵੀ ਪਾਖੰਡੀ ਸਾਧੂ ਬਾਬਾ ਜੇਕਰ ਚਮਤਕਾਰ ਦਾ ਦਾਅਵਾ ਕਰਦਾ ਹੈ ਤਾਂ ਉਹ ਉਸ ਦੇ ਚਮਤਕਾਰ ਦੀ ਪੋਲ ਖੋਲ੍ਹ ਦੇਵੇਗਾ ਅਤੇ ਜੇਕਰ ਉਹ ਅਜਿਹਾ ਨਾ ਕਰ ਸਕਿਆ ਤਾਂ ਸਾਰੀ ਜਾਇਦਾਦ ਆਪਣੀ ਉਸ ਨੂੰ ਦੇ ਦੇਵੇਗਾ ਅਤੇ ਜੇਕਰ ਕਰ ਦਿੰਦਾ ਤਾਂ ਉਸ ਨੂੰ ਆਪਣੀ ਸਾਰੀ ਜਾਇਦਾਦ ਮਨੋਜ ਨੂੰ ਦੇਣੀ ਪਵੇਗੀ।
ਉਨ੍ਹਾਂ ਕਿਹਾ ਕਿ ਇਸ ਚੈਲੇਂਜ ਵਿੱਚ ਅੱਜ ਤੱਕ ਉਹ ਕਦੀ ਫੇਲ੍ਹ ਨਹੀਂ ਹੋਇਆ। ਮਨੋਜ ਨੇ ਦੱਸਿਆ ਕਿ ਉਹ ਆਪਣੇ ਪ੍ਰੋਡਕਟ ਪਾਖੰਡੀ ਬਾਬਿਆਂ ਨੂੰ ਨਹੀਂ ਵੇਚਦਾ ਕਿਉਂਕਿ ਉਹ ਉਸ ਦੀ ਦੁਰਵਰਤੋਂ ਕਰਕੇ ਲੋਕਾਂ ਨੂੰ ਵਰਗਲਾ ਸਕਦੇ ਨੇ ਅਤੇ ਉਨ੍ਹਾਂ ਦਾ ਨਾਜਾਇਜ਼ ਫ਼ਾਇਦਾ ਚੁੱਕ ਕੇ ਮਨਮਰਜ਼ੀ ਦਾ ਕੰਮ ਕਰਵਾ ਸਕਦੇ ਨੇ ਅਤੇ ਉਨ੍ਹਾਂ ਦੀ ਲੁੱਟ ਖਸੁੱਟ ਕਰ ਸਕਦੇ ਨੇ ਇਸ ਕਰਕੇ ਜੇਕਰ ਉਨ੍ਹਾਂ ਦੀ ਦੁਕਾਨ 'ਤੇ ਕੋਈ ਅਜਿਹਾ ਆਉਂਦਾ ਵੀ ਹੈ ਤਾਂ ਉਸ ਨੂੰ ਅੰਦਰ ਤੱਕ ਵੜਨ ਨਹੀਂ ਦਿੱਤਾ ਜਾਂਦਾ ਇਹ ਸ਼ੁਰੂ ਤੋਂ ਉਸ ਦਾ ਅਸੂਲ ਰਿਹਾ ਹੈ।
ਜਾਦੂਗਰਾਂ ਨੂੰ ਦਿੰਦਾ ਹੈ ਸਿਖਲਾਈ:ਮਨੋਜ ਜੈਨ ਨੇ ਦੱਸਿਆ ਕਿ ਉਸ ਦੇ ਕਈ ਗ੍ਰਾਹਕ ਨੇ ਉਨ੍ਹਾਂ ਦੱਸਿਆ ਕਿ ਉਸ ਕੋਲ ਸਿੱਖਣ ਵਾਲਿਆਂ ਦੀ ਗਿਣਤੀ ਵੀ ਵੱਡੀ ਹੈ ਪਰ ਜਿੰਨੇ ਲੋਕ ਅਤੇ ਵਿਦਿਆਰਥੀ ਉਸ ਕੋਲ ਸਿੱਖਣ ਆਉਂਦੇ ਨੇ ਉਨ੍ਹਾਂ ਵਿੱਚੋਂ ਕੁਝ ਕੁ ਹੀ ਸਟੇਜ ਪੱਧਰ ਤੇ ਪਹੁੰਚਦੇ ਨੇ ਉਨ੍ਹਾਂ ਕਿਹਾ ਅਜੋਕੇ ਸਮੇਂ ਚ ਸਿਰਫ ਚਾਰ ਹੀ ਅਜਿਹੇ ਜਾਦੂਗਰ ਨੇ ਜੋ ਸਟੇਜ ਸ਼ੋਅ ਲਾਉਂਦੇ ਨੇ ਅਤੇ ਉਹ ਉਸ ਤੋਂ ਕੰਮ ਸਿੱਖ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਜਾਣਗੇ ਉਨ੍ਹਾਂ ਨੂੰ ਕੋਈ ਮੰਤਰ ਆ ਜਾਵੇਗਾ ਤੇ ਉਹ ਜਾਦੂ ਕਰਨ ਲੱਗਣਗੇ। ਉਨ੍ਹਾਂ ਕਿਹਾ ਕਿ ਇਹ ਸਿਰਫ ਵਾਰ ਵਾਰ ਪ੍ਰੈਕਟਿਸ ਅਤੇ ਅਭਿਆਸ ਕਰਨ ਨਾਲ ਹੀ ਆਉਂਦਾ ਹੈ ਇਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਮੰਤਰ ਨਾ ਕਦੀ ਸੀ ਨਾ ਕਦੇ ਹੈ ਤੇ ਨਾ ਹੀ ਕਦੇ ਹੋਵੇਗਾ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਜੋ ਸਿੱਖਣ ਆਉਂਦੇ ਨੇ ਜਦੋਂ ਉਨ੍ਹਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਤਾਂ ਉਹ ਖੁਦ ਹੀ ਵਾਪਸ ਚਲੇ ਜਾਂਦੇ ਹਨ।
ਲੋਕਾਂ ਨੂੰ ਕੀਤੀ ਅਪੀਲ:ਮਨੋਜ ਜੈਨ ਸਿਰਫ਼ ਇਕ ਮਨੋਰੰਜਨ ਕਰਨ ਵਾਲੇ ਜਾਦੂਗਰ ਹੀ ਨਹੀਂ ਸਗੋਂ ਸਮਾਜ ਨੂੰ ਸੁਨੇਹਾ ਦੇਣ ਵਾਲੇ ਇਕ ਸਮਾਜ ਸੁਧਾਰਕ ਦੇ ਰੂਪ ਵਿੱਚ ਵੀ ਲਗਾਤਾਰ ਕੰਮ ਕਰਦੇ ਨੇ ਉਹ ਲੋਕਾਂ ਨੂੰ ਜਾਗਰੂਕ ਕਰਦੇ ਨੇ ਕਿ ਤੰਤਰ ਮੰਤਰ ਜਾਂ ਫਿਰ ਜਾਦੂ ਕੁਝ ਵੀ ਨਹੀਂ ਹੁੰਦਾ ਸਿਰਫ਼ ਇਹ ਹੱਥ ਦੀ ਸਫ਼ਾਈ ਅਤੇ ਅਜਿਹੇ ਕੰਮ ਕਰਨ ਲਈ ਬਣਾਏ ਗਏ। ਪ੍ਰੋਡਕਟ ਦਾ ਹੀ ਕਮਾਲ ਹੈ ਅਤੇ ਕੁਝ ਕੈਮੀਕਲ ਆਦਿ। ਉੱਚ ਤਕਨੀਕ ਦੀ ਵਰਤੋਂ ਕਰਕੇ ਹੀ ਚਮਤਕਾਰ ਲੋਕਾਂ ਨੂੰ ਵਿਖਾਏ ਜਾਂਦੇ ਨੇ ਅਤੇ ਭੋਲੇ ਭਾਲੇ ਲੋਕ ਇਸ ਵਿਚ ਫਸ ਕੇ ਆਪਣਾ ਸਮਾਂ ਤੇ ਪੈਸਾ ਖ਼ਰਾਬ ਕਰਦੇ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਅੰਧ ਵਿਸਵਾਸ਼ਾਂ ਵਿਚ ਨਾ ਆਉਣ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਕਿ ਉਹ ਚਮਤਕਾਰ ਕਰ ਸਕਦਾ ਹੈ ਤਾਂ ਉਹ ਉਸ ਦੇ ਚਮਤਕਾਰ ਦਾ ਭਾਂਡਾ ਭੰਨ ਦੇਣ ਅਤੇ ਉਸ ਦੀ ਪੋਲ ਖੋਲ੍ਹ ਦੇਣ, ਇਹ ਉਸ ਦਾ ਸਾਰੇ ਚਮਤਕਾਰ ਦਾ ਢੌਂਗ ਕਰਨ ਵਾਲਿਆਂ ਨੂੰ ਦਾਅਵਾ ਹੈ।
ਇਹ ਵੀ ਪੜ੍ਹੋ:ਭ੍ਰਿਸ਼ਟਾਚਾਰ ਮਾਮਲੇ ’ਚ ਗ੍ਰਿਫਤਾਰ IAS ਅਧਿਕਾਰੀ ਸੰਜੇ ਪੋਪਲੀ ਦੇ ਪੁੱਤ ਦੀ ਗੋਲੀ ਲੱਗਣ ਕਾਰਨ ਮੌਤ