ਲੁਧਿਆਣਾ: ਮਾਨਸੂਨ ਦੀ ਪਲੇਠੀ ਬਾਰਿਸ਼ ਰਾਏਕੋਟ ਇਲਾਕੇ ਦੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਵੱਡੀ ਗਿਣਤੀ ’ਚ ਕਿਸਾਨਾਂ ਲਈ ਆਫਤ ਬਣ ਕੇ ਆਈ ਹੈ।ਜਿਸ ਦੌਰਾਨ ਪਿੰਡ ਸੁਖਾਣਾ ਵਿਖੇ ਦਰਜਨਾਂ ਕਿਸਾਨਾਂ ਵੱਲੋਂ ਬੀਜਿਆ ਸੈਂਕੜੇ ਏਕੜ ਝੋਨਾ ਮੀਂਹ ਦੇ ਪਾਣੀ ਵਿੱਚ ਡੁੱਬਣ ਕਾਰਨ ਨੁਕਸਾਨਿਆ ਗਿਆ। ਉਥੇ ਹੀ ਇਸ ਪਾਣੀ ਦੀ ਮਾਰ ਦਾ ਅਸਰ ਪਿੰਡ ਸੁਖਾਣਾ ਸਮੇਤ ਪਿੰਡ ਭੈਣੀ ਦਰੇੜਾ, ਲੱਖਾ ਸਿੰਘ ਵਾਲਾ, ਕਿਸ਼ਨਗੜ੍ਹ ਛੰਨਾ, ਭੈਣੀ ਬੜਿੰਗਾ ਵਿਚ ਵੀ ਦੇਖਣ ਨੂੰ ਮਿਲਿਆ ਹੈ।
ਇਸ ਨੂੰ ਲੈ ਕੇ ਜਾਣਕਾਰੀ ਦਿੰਦਿਆ ਪਿੰਡ ਸੁਖਾਣਾ ਦੇ ਕਿਸਾਨਾਂ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਪਿੰਡ ਰਛੀਨ, ਤੂੰਗਾਹੇੜੀ, ਬੜੂੰਦੀ, ਅਕਾਲਗੜ੍ਹ ਆਦਿ ਪਿੰਡਾਂ ਦੇ ਖੇਤਾਂ ਵਿੱਚ ਆਇਆ ਬਰਸਾਤੀ ਪਾਣੀ ਪਿੰਡ ਸੁਖਾਣਾ-ਪਿੰਡ ਭੈਣੀ ਦਰੇੜਾ ਲਿੰਕ ਸੜਕ ’ਤੇ ਅੱਗੇ ਨਿਕਾਸੀ ਨਾ ਹੋਣ ਕਾਰਨ ਉਨ੍ਹਾਂ ਦੇ ਖੇਤਾਂ ਵਿਚ ਜਮ੍ਹਾਂ ਹੋ ਗਿਆ। ਲਿੰਕ ਸੜਕ ਅਤੇ ਅਗਲੀਆਂ ਹੋਰ ਸੜਕਾਂ ਦੇ ਪੁਨਰ-ਨਿਰਮਾਣ ਮੌਕੇ ਮੰਡੀਕਰਨ ਬੋਰਡ ਅਤੇ ਠੇਕੇਦਾਰ ਵੱਲੋਂ ਸੜਕਾਂ ਵਿਚਕਾਰ ਲੋੜੀਂਦੀਆਂ ਥਾਵਾਂ ’ਤੇ ਸਾਈਫਨ ਨਾ ਦੱਬਣ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਰੁਕ ਗਈ। ਇਹ ਹੀ ਕਾਰਨ ਹੈ ਕਿ ਦਰਜਨਾਂ ਕਿਸਾਨਾਂ ਦਾ ਬੀਜਿਆ ਸੈਕੜੇ ਏਕੜ ਝੋਨਾ ਡੁੱਬਣ ਕਾਰਨ ਨੁਕਸਾਨਿਆ ਗਿਆ।