ਚੰਡੀਗੜ੍ਹ : ਕੋਰੋਨਾ ਦੇ ਮਾਮਲਿਆਂ (cases of Corona) ਨੇ ਪੰਜਾਬ 'ਚ ਇੱਕ ਵਾਰ ਮੁੜ ਤੋਂ ਤੇਜ਼ੀ ਫੜੀ ਹੈ। ਦਸੰਬਰ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਤਿੰਨ ਦਿਨਾਂ 'ਚ ਕੋਰੋਨਾ ਦੇ ਮਾਮਲੇ ਰੋਜ਼ਾਨਾ ਸੈਂਕੜਾ ਪਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਰੋਜ਼ਾਨਾ 24 ਘੰਟਿਆਂ 'ਚ ਕੋਰੋਨਾ ਦੇ ਕੇਸ ਲੱਗਭਗ ਦਿਹਾਈ ਦੇ ਅੰਕੜੇ 'ਚ ਰਹਿੰਦੇ ਸਨ। ਇਸ ਦੇ ਬਾਵਜੂਦ ਸਿਆਸੀ ਪਾਰਟੀਆਂ ਵਲੋਂ ਆਪਣੇ ਪ੍ਰਚਾਰ (Their propaganda by political parties) 'ਚ ਹਨੇਰੀ ਲਿਆਉਂਦੀ ਜਾ ਰਹੀ ਹੈ।
ਪਿਛਲੇ 48 ਘੰਟਿਆਂ 'ਚ 267 ਮਾਮਲੇ
ਸੂਬੇ 'ਚ ਕੋਰੋਨਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 48 ਘੰਟਿਆਂ 'ਚ 267 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ 'ਚ 29 ਦਸੰਬਰ ਨੂੰ 100 ਮਾਮਲੇ ਕੋਰੋਨਾ ਦੇ ਸਾਹਮਣੇ ਆਏ ਸਨ, ਜਦਕਿ 30 ਦਸੰਬਰ ਨੂੰ ਕੋਰੋਨਾ ਮਾਮਲੇ ਦੀ ਗਿਣਤੀ ਵੱਧ ਗਈ ਅਤੇ 167 ਕੋਰੋਨਾ ਦੇ ਮਾਮਲੇ ਨਵੇਂ ਸਾਹਮਣੇ ਆਏ ਸਨ। ਜਦਕਿ ਇਸ ਤੋਂ ਪਹਿਲਾਂ ਰੋਜ਼ਾਨਾ ਕੋਰੋਨਾ ਕੇਸਾਂ ਦਾ ਅੰਕੜਾ 50 ਦੀ ਗਿਣਤੀ ਨਹੀਂ ਲੰਘਦਾ ਸੀ।
ਓਮੀਕਰੋਨ ਦਾ ਆਇਆ ਸੀ ਕੇਸ
ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਦੇ ਮੁਕੰਦਪੁਰ ਬਲਾਕ ਦੇ ਪਿੰਡ ਚੱਕ ਰਾਮੂ 'ਚ ਪਿਛਲੇ ਦਿਨੀਂ ਓਮੀਕਰੋਨ ਦਾ ਪਹਿਲਾ ਮਾਮਲਾ ਵੀ ਸਾਹਮਣੇ ਆਇਆ ਸੀ। ਉਕਤ ਮਰੀਜ਼ ਸਪੇਨ ਤੋਂ ਭਾਰਤ ਆਇਆ ਸੀ, ਜਿਸ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ ਅਤੇ ਓਮੀਕਰੋਨ ਦਾ ਸੈਂਪਲ ਪਟਿਆਲਾ ਦੀ ਕੋਵਿਡ ਜੇਨਿਮ ਸੀਕਵੈਂਸੀ ਲੈਬ 'ਚ ਭੇਜਿਆ ਗਿਆ ਸੀ ਤਾਂ ਉਹ ਵੀ ਪੌਜ਼ੀਟਵ ਪਾਇਆ ਗਿਆ ਸੀ। ਪਰ ਨਾਲ ਹੀ ਰਾਹਤ ਦੀ ਖ਼ਬਰ ਸੀ ਕਿ ਮਰੀਜ਼ ਦਾ ਦੂਜਾ ਸੈਂਪਲ ਜਦੋਂ ਲਿਆ ਗਿਆ ਤਾਂ ਉਹ ਨੈਗੇਟਿਵ ਆਇਆ ਸੀ।
ਪਠਾਨਕੋਟ ਅਤੇ ਪਟਿਆਲਾ ਵੱਧ ਪ੍ਰਭਾਵਿਤ
ਪਿਛਲੇ ਕੁਝ ਦਿਨਾਂ ਤੋਂ ਸੂਬੇ 'ਚ ਵੱਧ ਰਹੇ ਕੇਸਾਂ 'ਚ ਸਭ ਤੋਂ ਵੱਧ ਮਾਮਲੇ ਪਠਾਨਕੋਟ ਤੋਂ ਸਾਹਮਣੇ ਆ ਰਹੇ ਹਨ। ਉਸ ਤੋਂ ਬਾਅਦ ਦੂਜੇ ਨੰਬਰ 'ਤੇ ਪਟਿਆਲਾ ਜਿਥੋਂ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਆ ਰਹੇ ਹਨ। ਪਠਾਨਕੋਟ 'ਚ 29 ਦਸੰਬਰ ਨੂੰ 26 ਕੇਸ ਜਦ ਕਿ 30 ਦਸੰਬਰ ਨੂੰ 46 ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪਟਿਆਲਾ 'ਚ 29 ਦਸੰਬਰ ਨੂੰ 18 ਕੇਸ ਜਦ ਕਿ 30 ਦਸੰਬਰ ਨੂੰ 39 ਕੇਸ ਸਾਹਮਣੇ ਆਏ ਹਨ।
ਪੰਜਾਬ 'ਚ ਚੋਣ ਰੈਲੀਆਂ
ਇਸ ਦੇ ਨਾਲ ਹੀ ਪੰਜਾਬ 'ਚ ਅਗਾਮੀ ਵਿਧਾਨਸਭਾ ਚੋਣਾਂ ਕਾਰਨ ਹਰ ਇੱਕ ਪਾਰਟੀ ਵਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਵੱਡੇ-ਵੱਡੇ ਇਕੱਠ ਨਾਲ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ 'ਚ ਕਾਂਗਰਸ ਵਲੋਂ ਜਿਥੇ ਵੱਡੇ-ਵੱਡੇ ਇਕੱਠ ਕੀਤੇ ਜਾ ਰਹੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ ਰੋਡ ਰੈਲੀਆਂ ਕੀਤੀਆਂ ਜਾ ਰਹੀਆਂ ਹਨ।