ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਟਵੀਟ ਕਰਕੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਵਿਰੁੱਧ ਲੜਨ ਲਈ ਇਕਜੁਟ ਹੋ ਜਾਣ ਅਤੇ ਇਕ ਸਿਪਾਹੀ ਵਾਂਗ ਮਨੋਬਲ ਨਾਲ ਸੰਘਰਸ਼ ਕਰਨ।
ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ, "ਆਪਣੇ ਫ਼ੌਜ ਦੇ ਦਿਨਾਂ ਵਿੱਚ ਮੈਂ ਇੱਕ ਮਹੱਤਵਪੂਰਣ ਸਬਕ ਸਿੱਖਿਆ ਸੀ ਕਿ ਜਦੋਂ ਅਸੀਂ ਇਕੱਠੇ ਲੜਦੇ ਹਾਂ ਤਾਂ ਸਾਨੂੰ ਲੜਾਈ ਵਿੱਚ ਥਕਾਵਟ ਨਹੀਂ ਹੁੰਦੀ” ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਕੋਵਿਡ -19 ਦੇ ਵਿਰੁੱਧ ਇਕੱਠੇ ਹੋਣ ਕਿਉਂਕਿ ਇਹ ਇੱਕ ਲੰਬੀ ਲੜਾਈ ਹੈ ਅਤੇ ਸਾਨੂੰ ਇੱਕ ਦੂਜੇ ਨੂੰ ਪ੍ਰੇਰਿਤ ਕਰਨ ਦੀ ਜ਼ਰੂਰਤ ਹੋਵੇਗੀ ਅਤੇ ਮਹੱਤਵਪੂਰਨ ਗੱਲ ਇਹ ਹੈ ਕਿ ਸਾਡਾ ਮਨੋਬਲ ਕਾਇਮ ਰਹੇ।"
ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਸੂਬੇ ਦੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੇ ਅਗਲੇ ਮਹੀਨੇ ਤੋਂ 4,000 ਟੈਸਟਾਂ ਦੀ ਰੋਜ਼ਾਨਾ ਟੈਸਟਿੰਗ ਸਮਰੱਥਾ ਨੂੰ ਵਧਾਉਣ ਲਈ ਚਾਰ ਨਵੀਆਂ ਕੋਵਿਡ -19 ਵਾਇਰਲ ਟੈਸਟਿੰਗ ਲੈਬ ਸਥਾਪਿਤ ਕੀਤੀਆਂ ਹਨ, ਜਿਸ ਨਾਲ ਹਰ ਪ੍ਰਯੋਗਸ਼ਾਲਾ ਵਿਚ ਪ੍ਰਤੀ ਦਿਨ 1000 ਟੈਸਟ ਹੋਣਗੇ।
ਇਕ ਸਰਕਾਰੀ ਬੁਲਾਰੇ ਮੁਤਾਬਕ, ਇਸ ਤੋਂ ਇਲਾਵਾ ਪਟਿਆਲਾ, ਅੰਮ੍ਰਿਤਸਰ ਅਤੇ ਫਰੀਦਕੋਟ ਸ਼ਹਿਰਾਂ ਦੇ ਤਿੰਨ ਮੈਡੀਕਲ ਕਾਲਜਾਂ ਵਿਚ ਕੁੱਲ ਵਾਇਰਲ ਟੈਸਟਿੰਗ ਸਮਰੱਥਾ 31 ਅਗਸਤ ਤਕ ਪ੍ਰਤੀ ਦਿਨ 5000 ਟੈਸਟ ਤੱਕ ਵਧਾਈ ਜਾਵੇਗੀ। ਦੱਸ ਦਈਏ ਕਿ ਸੂਬੇ ਵਿਚ ਹੁਣ ਤਕ 6.15 ਲੱਖ ਟੈਸਟ ਕੀਤੇ ਜਾ ਚੁੱਕੇ ਹਨ। ਸੂਬੇ ਵਿੱਚ ਕੋਰੋਨਾ ਦੇ 23,903 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 586 ਮੌਤਾਂ ਹੋਈਆਂ ਹਨ।