ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਵਫ਼ਦ ਸਮੇਤ ਰਾਜਪਾਲ ਨੂੰ ਮਿਲਣ ਲਈ ਰਾਜ ਭਵਨ ਪਹੁੰਚੇ। ਇਸ ਦੌਰਾਨ ਅਕਾਲੀ ਦਲ ਦਾ ਵਫ਼ਦ ਪੰਜਾਬ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਖ਼ਿਲਾਫ਼ ਰਾਜਪਾਲ ਨੂੰ ਮੰਗ ਪੱਤਰ ਦਿੱਤਾ।
'ਰਾਜਪਾਲ ਨੂੰ ਨਵੀਂ ਆਬਕਾਰੀ ਨੀਤੀ ਤੋਂ ਕਰਵਾਇਆ ਜਾਣੂ': ਰਾਜਪਾਲ ਨੂੰ ਮਿਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਰਾਜਪਾਲ ਨੂੰ ਪੰਜਾਬ ਦੀ ਨਵੀਂ ਆਬਕਾਰੀ ਨੀਤੀ ਨੂੰ ਲੈ ਕੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਦਿੱਲੀ ਦੇ ਤਰਜ਼ ’ਤੇ ਪੰਜਾਬ ਵਿੱਚ ਵੀ ਉਹੀ ਨੀਤੀ ਅਪਣਾਈ ਗਈ ਹੈ ਅਤੇ ਕਿਹੜੇ ਕਿਹੜੇ ਲੋਕਾਂ ਨੇ ਅਤੇ ਕਿਵੇਂ ਕਿਵੇਂ ਇਸ ਨੂੰ ਬਣਾਇਆ ਗਿਆ।
'500 ਕਰੋੜ ਦਾ ਘੁਟਾਲਾ':ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਅਸੀਂ ਰਾਜਪਾਲ ਨੂੰ ਦੱਸਿਆ ਹੈ ਕਿ ਕਿਸ ਤਰੀਕੇ ਨਾਲ ਮਨੀਸ਼ ਸਿਸੋਦੀਆ ਦੇ ਨਾਲ ਪੰਜਾਬ ਦੇ ਅਧਿਕਾਰੀਆਂ ਨੇ ਮਿਲ ਕੇ ਇਸ ਨੀਤੀ ਨੂੰ ਬਣਾਇਆ। ਉਨ੍ਹਾਂ ਕਿਹਾ ਕਿ ਮਨੀਸ ਸਿਸੋਦੀਆਂ ਨੇ ਦਿੱਲੀ ਵਿੱਚ ਜੋ ਨੀਤੀ ਬਣਾਈ ਸੀ ਉਹੀ ਪੰਜਾਬ ’ਚ ਵੀ ਬਣਾਉਣ ਦੇ ਲਈ ਜੁੜਿਆ ਹੋਇਆ ਸੀ। ਉਨ੍ਹਾਂ ਅੱਗੇ ਕਿਹਾ ਕਿ ਇਹ ਕਰੀਬ 500 ਕਰੋੜ ਦਾ ਘੁਟਾਲਾ ਹੈ। ਜੋ ਲੋਕ ਦਿੱਲੀ ਵਿੱਚ ਸ਼ਰਾਬ ਕਾਰੋਬਾਰ ਕਰ ਰਹੇ ਹਨ ਉਹੀ ਪੰਜਾਬ ਚ ਵੀ ਇਸ ਕਾਰੋਬਾਰ ਨਾਲ ਜੁੜ ਗਏ ਹਨ। ਜਿਨ੍ਹਾਂ ਨੇ ਦਿੱਲੀ ਦੀ ਐਕਸਾਈਜ ਪਾਲਿਸੀ ਬਣਾਈ ਹੈ ਉਹੀ ਲੋਕ ਪੰਜਾਬ ਦੀ ਆਬਕਾਰੀ ਨੀਤੀ ਬਣਾਉਣ ਚ ਵੀ ਸ਼ਾਮਲ ਹਨ।