ਬਠਿੰਡਾ: ਸਿਆਣੇ ਕਹਿੰਦੇ ਹਨ ਜਿਸ ਵੀ ਵਿਅਕਤੀ ਨੇ ਅਪਰਾਧ ਦੀ ਦੁਨੀਆਂ ਵਿੱਚ ਕਦਮ ਰੱਖਿਆ ਉਹ ਮੁੜ ਪਰਤਿਆ ਨਹੀਂ ਅਤੇ ਅੰਤ ਨੂੰ ਉਸ ਨੂੰ ਜਾਂ ਜੇਲ੍ਹ ਜਾਣਾ ਪੈਂਦਾ ਹੈ ਜਾਂ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਣਾ ਪੈਂਦਾ ਹੈ ਪਰ ਬਠਿੰਡਾ ਦੇ ਪ੍ਰਤਾਪ ਨਗਰ ਵਿਚ ਰਹਿ ਰਿਹਾ ਅਜਿਹਾ ਇਕ ਨੌਜਵਾਨ ਸ਼ਿਵਾ ਸ਼ਰਮਾ ਜੋ ਅਪਰਾਧ ਦੀ ਦੁਨੀਆ ਨੂੰ ਛੱਡ ਅੱਜ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਲਈ ਦਿਨ ਰਾਤ ਇੱਕ ਕਰ ਰਿਹਾ ਹੈ।
ਗੈਂਗਸਟਰ ਵੱਜੋਂ ਮਸ਼ਹੂਰ ਸੀ ਸ਼ਿਵਾ ਸ਼ਰਮਾ: ਦੱਸ ਦਈਏ ਕਿ ਬਠਿੰਡਾ ਜ਼ਿਲ੍ਹੇ ਦੇ ਦਿਆਲਪੁਰਾ ਪਿੰਡ ਦਾ ਰਹਿਣ ਵਾਲਾ ਸ਼ਿਵਾ ਸ਼ਰਮਾ ਅਪਰਾਧ ਦੀ ਦੁਨੀਆ ਚ ਕਿਸੇ ਸਮੇਂ ਗੈਂਗਸਟਰ ਵੱਜੋਂ ਮਸ਼ਹੂਰ ਸੀ ਜਿਸ ਕਾਰਨ ਉਸ ਖਿਲਾਫ ਇਰਾਦਾ ਕਤਲ, 452 ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਜੇਲ੍ਹ ਵੀ ਜਾ ਚੁੱਕਿਆ ਹੈ। ਪਰ ਅੱਜ ਉਨ੍ਹਾਂ ਵੱਲੋਂ ਨਸ਼ੇ ਦੇ ਦਲਦਲ ਚ ਧੱਸ ਚੁੱਕੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਨਸ਼ੇ ਦੇ ਆਦੀ ਨੌਜਵਾਨਾਂ ਨੂੰ ਕੀਤਾ ਜਾਂਦਾ ਹੈ ਪ੍ਰੇਰਿਤ: ਸ਼ਿਵਾ ਸ਼ਰਮਾ ਨੇ ਦੱਸਿਆ ਕਿ ਉਸ ਦੇ ਇੱਕ ਰਿਸ਼ਤੇਦਾਰ ਦੀ ਨਸ਼ੇ ਕਾਰਨ ਹੋਈ ਮੌਤ ਤੋਂ ਬਾਅਦ ਉਸ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਅਤੇ ਉਸ ਵੱਲੋਂ ਪ੍ਰਣ ਕੀਤਾ ਗਿਆ ਕਿ ਹੁਣ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਸਮਾਜ ਵਿੱਚ ਵਾਪਸ ਲਿਆਉਣ ਦਾ ਅਤੇ ਚੰਗਾ ਜੀਵਨ ਜਿਉਣ ਲਈ ਪ੍ਰੇਰਿਤ ਕਰੇਗਾ। ਸ਼ਿਵਾ ਸ਼ਰਮਾ ਨੇ ਦੱਸਿਆ ਕਿ ਉਸ ਵੱਲੋਂ ਬਕਾਇਦਾ ਇਕ ਦੇਸੀ ਦਵਾਈਆਂ ਦੇ ਮਾਹਰ ਵਿਅਕਤੀ ਨਾਲ ਨਸ਼ੇ ਨੂੰ ਛੱਡਣ ਦੇ ਇੱਛੁਕ ਨੌਜਵਾਨਾਂ ਨੂੰ ਮਿਲਵਾਇਆ ਜਾਂਦਾ ਹੈ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਕਰਨ ਉਪਰੰਤ ਦਵਾਈ ਸ਼ੁਰੂ ਕਰਵਾਈ ਜਾਂਦੀ ਹੈ।
ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਿਆ: ਸ਼ਿਵਾ ਸ਼ਰਮਾ ਨੇ ਅੱਗੇ ਦੱਸਿਆ ਕਿ ਜੋ ਨੌਜਵਾਨ ਦਵਾਈ ਦੇ ਪੈਸੇ ਨਹੀਂ ਦੇ ਸਕਦੇ ਉਨ੍ਹਾਂ ਨੂੰ ਆਪਣੀ ਜੇਬ ਵਿੱਚੋਂ ਦਵਾਈ ਦਿਵਾਉਂਦਾ ਹੈ ਜਿਸ ਕਾਰਨ ਉਸ ਨੂੰ ਆਪਣੀ ਕਰੀਬ ਇੱਕ ਏਕੜ ਜ਼ਮੀਨ ਗਹਿਣੇ ਕਰਨੀ ਪਈ ਹੈ ਪਰ ਉਸ ਦਾ ਕਹਿਣਾ ਹੈ ਕਿ ਉਹ ਆਪਣੇ ਇਸ ਮਿਸ਼ਨ ਵਿਚ ਲਗਾਤਾਰ ਕਾਮਯਾਬੀ ਵੱਲ ਵਧਦਾ ਜਾ ਰਿਹਾ ਹੈ ਅਤੇ ਹੁਣ ਤੱਕ ਉਸ ਨੇ ਕਰੀਬ ਤਿੰਨ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਿਆ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਦੇ ਆਦੀ ਨੌਜਵਾਨਾਂ ਨਾਲ ਪਿਆਰ ਨਾਲ ਗੱਲ ਕਰੋ ਉਨ੍ਹਾਂ ਨੂੰ ਮਾਨਸਿਕ ਤੌਰ ਉੱਪਰ ਮਜ਼ਬੂਤ ਕਰਕੇ ਚੰਗੀ ਦਵਾਈ ਦਿਵਾਉਣ ਤਾਂ ਜੋ ਉਹ ਨਸ਼ੇ ਨੂੰ ਤਿਆਗ ਕੇ ਚੰਗਾ ਜੀਵਨ ਬਸਰ ਕਰ ਸਕਣ।