ਅੰਮ੍ਰਿਤਸਰ : ਜਿਥੇ ਇੱਕ ਪਾਸੇ ਕੋਰੋਨਾ ਮਹਾਂਮਾਰੀ ਤੋਂ ਲੋਕ ਬੇਹਦ ਪਰੇਸ਼ਾਨ ਹਨ, ਉਥੇ ਹੀ ਕੁੱਝ ਲੋਕ ਮਹਾਂਮਾਰੀ ਨੂੰ ਮੌਕਾ ਬਣਾਉਂਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਵਿਖੇ ਸਾਹਮਣੇ ਆਇਆ ਹੈ। ਇਥੇ ਵਾਇਰੋਲੌਜੀ ਲੈਬ ਵਿਖੇ ਕੋਰੋਨਾ ਟੈਸਟ ਕਰਨ ਦੌਰਾਨ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ ਬੀਤੀ 5 ਮਈ ਨੂੰ ਇਸ ਲੈਬ ਰਾਹੀਂ ਜੋ ਕੋਰੋਨਾ ਟੈਸਟ ਰਿਪੋਰਟਾਂ ਦਿੱਤੀਆਂ ਗਈਆਂ ਸਨ, ਉਨ੍ਹਾਂ ਚੋਂ 932 ਕੋਰੋਨਾ ਪੌਜ਼ੀਟਿਵ ਮਰੀਜ਼ ਪਾਏ ਗਏ। ਇਨ੍ਹਾਂ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਵਿੱਚ 5 ਡਾਕਟਰਾਂ ਦੀ ਰਿਪੋਰਟ ਵੀ ਸ਼ਾਮਲ ਸੀ। ਵੱਡੀ ਗਿਣਤੀ ਵਿੱਚ ਕੋਰੋਨਾ ਪੌਜ਼ੀਟਿਵ ਅੰਕੜੇ ਸਾਹਮਣੇ ਆਉਣ 'ਤੇ ਲੋਕਾਂ ਵਿਚਾਲੇ ਡਰ ਦਾ ਮਾਹੌਲ ਪੈਦਾ ਹੋ ਗਿਆ, ਪਰ ਬਾਅਦ ਵਿੱਚ ਟੈਸਟ ਕਰਨ ਦੌਰਾਨ ਲੈਬ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ।
ਇਸ ਲੈਬ ਰਾਹੀਂ ਟੈਸਟ ਕਰਵਾਉਣ ਵਾਲੇ ਡਾਕਟਰ ਨੇ ਦੱਸਿਆ ਕਿ ਉਨ੍ਹਾਂ 5 ਡਾਕਟਰਾਂ ਨੇ ਵਿਭਾਗ ਦੇ ਨਿਰਦੇਸ਼ਾਂ ਮੁਤਾਬਕ ਕੋਰੋਨਾ ਟੈਸਟ ਕਰਵਾਇਆ ਸੀ। ਲੈਬ ਵੱਲੋਂ ਉਨ੍ਹਾਂ ਸਭ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਦੱਸੀ ਗਈ, ਜਦੋਂ ਕਿ ਉਨ੍ਹਾਂ ਨੂੰ ਕੋਰੋਨਾ ਸਬੰਧੀ ਕੋਈ ਲੱਛੜ ਨਹੀਂ ਸੀ। ਇਸ ਮਗਰੋਂ ਜਦ ਉਨ੍ਹਾਂ ਨੇ ਦੂਜੇ ਦਿਨ ਮੁੜ ਟੈਸਟ ਕਰਵਾਇਆ ਤਾਂ ਉਨ੍ਹਾਂ ਦੀ ਰਿਪੋਰਟ ਨੈਗਟਿਵ ਆਈ। ਇਸ ਤਰ੍ਹਾਂ ਵਾਇਰੋਲੌਜੀ ਲੈਬ ਦੀ ਲਾਪਰਵਾਹੀ ਸਾਹਮਣੇ ਆਈ।
ਇਸ ਸਬੰਧੀ ਸਿਵਲ ਸਰਜਨ ਡਾ. ਚਰਨਜੀਤ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੈਬ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਲਾਪਰਵਾਹੀ ਕੀ ਹੋਈ ਇਹ ਨਹੀਂ ਦੱਸਿਆ।
ਭਰੋਸੇਯੋਗ ਸੂਤਰਾਂ ਦੇ ਮੁਤਾਬਕ ਲੈਬ ਵਿਖੇ ਜਦੋਂ ਸੈਂਪਲ ਲਏ ਗਏ ਤਾਂ ਉਸ ਮਗਰੋਂ ਉਨ੍ਹਾਂ ਨੂੰ ਇੱਕ ਖ਼ਾਸ ਕੰਟੇਨਰ ਵਿੱਚ ਰੱਖਿਆ ਜਾਂਦਾ ਹੈ। ਸੈਪਲ ਲੈਣ ਮਗਰੋਂ ਜਿਸ ਕੰਟੇਨਰ ਵਿੱਚ ਸੈਂਪਲ ਰੱਖੇ ਗਏ ਸਨ, ਉਹ ਪਹਿਲਾਂ ਤੋਂ ਹੀ ਇਨਫੈਕਟਿਡ ਸੀ, ਜਿਸ ਕਾਰਨ ਸਾਰੇ ਹੀ ਸੈਂਪਲ ਇਨਫੈਕਟਿਡ ਹੋ ਗਏ।