ਚੰਡੀਗੜ੍ਹ: ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਇੱਕ ਵਾਰ ਮੁੜ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਉਨ੍ਹਾਂ ਨੇ ਆਪਣਾ ਕੰਮਕਾਜ ਵੇਖਣ ਲਈ ਪ੍ਰਤੀਨਿਧੀ (PA) ਨਿਯੁਕਤ ਕਰ ਦਿੱਤਾ ਹੈ। ਸੰਨੀ ਦਿਓਲ ਨੇ ਬਕਾਇਦਾ ਲੈਟਰ ਜਾਰੀ ਕਰਕੇ ਚੋਣਾਂ ਦੌਰਾਨ ਉਨ੍ਹਾਂ ਦੇ ਪ੍ਰਚਾਰ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਫ਼ਿਲਮ ਲੇਖਕ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਆਪਣਾ ਪ੍ਰਤੀਨਿਧੀ ਨਿਯੁਕਤ ਕੀਤਾ ਹੈ। ਸੰਨੀ ਦੇ ਅਜਿਹਾ ਕਰਨ 'ਤੇ ਸੋਸ਼ਲ ਮੀਡੀਆ 'ਤੇ ਖ਼ੂਬ ਚਰਚਾ ਹੋ ਰਹੀ ਹੈ।
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਆਈ ਪ੍ਰਤਿਕਿਰਿਆ
ਉਧਰ, ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੀ ਸੰਨੀ ਦਾ ਮਖੌਲ ਉਡਾਇਆ ਹੈ। ਸੁਨੀਲ ਜਾਖੜ ਕਿਹਾ ਹੈ ਕਿ ਸੰਨੀ ਕਿਤੇ ਲੋਕ ਸਭਾ ਲਈ ਵੀ ਨਾ ਨੁਮਾਇੰਦਾ ਲੱਭ ਲੈਣ। ਉਨ੍ਹਾਂ ਕਿਹਾ ਕਿ ਲੋਕਾਂ ਨੇ ਸੰਨੀ ਦਿਓਲ 'ਤੇ ਵਿਸ਼ਵਾਸ ਕਰਕੇ ਜਤਾਇਆ ਸੀ ਪਰ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ।
ਸੰਨੀ ਦਿਓਲ ਨੇ ਵੀ ਸਫਾਈ ਕੀਤੀ ਪੇਸ਼
ਇਸ ਮਾਮਲੇ ਨੂੰ ਲੈ ਕੇ ਸੰਨੀ ਦਿਓਲ ਨੇ ਸਫਾਈ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਲਈ ਪ੍ਰਤੀਬੱਧ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਆਵੇ, ਜਿਸ ਕਾਰਨ ਉਨ੍ਹਾਂ ਆਪਣਾ ਪ੍ਰਤੀਨਿਧੀ ਨਿਯੁਕਤ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਬਿਨਾਂ ਕਿਸੇ ਗੱਲ ਦੇ ਇਸ ਮੁੱਦੇ ਨੂੰ ਵੱਡਾ ਬਣਾਇਆ ਜਾ ਰਿਹਾ ਹੈ।
ਸੰਨੀ ਦਿਓਲ ਵੱਲੋਂ ਪਾਈ ਗਈ ਪੋਸਟ ਦਰਅਸਲ, ਸੰਨੀ ਦਿਓਲ ਨੇ ਫ਼ੈਸਲਾ ਕੀਤਾ ਹੈ ਕਿ ਗੁਰਦਾਸਪੁਰ ਸੰਸਦੀ ਹਲਕੇ 'ਚ ਸਾਰਾ ਕੰਮਕਾਰ ਗੁਰਪ੍ਰੀਤ ਸਿੰਘ ਪਲਹੇੜੀ ਦੇਖਣਗੇ। ਸੰਨੀ ਦੀ ਗ਼ੈਰਹਾਜ਼ਰੀ ਵਿੱਚ ਪ੍ਰਸ਼ਾਸਨਿਕ ਤੇ ਹੋਰ ਮਹੱਤਵਪੂਰਨ ਮੀਟਿੰਗਾਂ ’ਚ ਵੀ ਪਲਹੇੜੀ ਹੀ ਸ਼ਾਮਲ ਹੋਣਗੇ। ਜਾਣਕਾਰੀ ਮੁਤਾਬਕ ਗੁਰਪ੍ਰੀਤ ਪਲਹੇੜੀ ਦੀ ਸੰਨੀ ਦਿਓਲ ਦੇ ਪਰਿਵਾਰ ਨਾਲ ਕਾਫੀ ਨੇੜਤਾ ਹੈ। ਉਨ੍ਹਾਂ ਦੀ ਨਿਊ ਚੰਡੀਗੜ੍ਹ ’ਚ ਕੋਠੀ ਹੈ ਤੇ ਸੰਨੀ ਦਿਓਲ ਦੇ ਚੋਣ ਪ੍ਰਚਾਰ ਦੀ ਸਾਰੀ ਕਮਾਂਡ ਪਲਹੇੜੀ ਨੇ ਹੀ ਸੰਭਾਲੀ ਸੀ।