ਮਲੇਰਕੋਟਲਾ: ਪੂਰੇ ਭਾਰਤ ਵਿੱਚ ਅਨੇਕਾਂ ਧਰਮਾਂ ਦੇ ਲੋਕ ਨਿਵਾਸ ਕਰਦੇ ਹਨ। ਦੇਸ਼ ਪ੍ਰੇਮ, ਆਪਸੀ ਪਿਆਰ ਅਤੇ ਅਹਿੰਸਾ ਦਾ ਸੰਦੇਸ਼ ਦੇਣ ਲਈ ਸਾਰੇ ਰਾਜਾਂ ਵਿੱਚ ਘੁੰਮਣ ਤੋਂ ਬਾਅਦ ਵੇਖਿਆ ਕਿ ਮਲੇਰਕੋਟਲਾ ਜਿਹੀ ਧਾਰਮਿਕ ਏਕਤਾ ਅਤੇ ਆਪਸੀ ਪਿਆਰ ਦੀ ਮਿਸਾਲ ਅਤੇ ਮਹਿਕ ਹੋਰ ਕਿਧਰੇ ਨਹੀਂ ਮਿਲੀ।' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੜੀਸਾ ਤੋਂ ਪੰਜਾਬ ਦੇ ਇਸ ਸ਼ਹਿਰ ਪਹੁੰਚੇ ਜੈਨ ਮੁਨੀ ਅਰਵਿੰਦ ਨੇ ਰਮਜ਼ਾਨ ਦੇ ਪਵਿੱਤਰ ਮੌਕੇ ਵੱਡੀ ਈਦਗਾਹ ਵਿਖੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਰਮਜ਼ਾਨ ਅਤੇ ਈਦ-ਉਲ-ਫਿਤਰ ਦੀ ਮੁਬਾਰਕਬਾਦ ਦਿੰਦਿਆਂ ਕੀਤਾ।
ਮਲੇਰਕੋਟਲਾ ਜਿਹੀ ਧਾਰਮਿਕ ਏਕਤਾ ਦੀ ਮਿਸਾਲ ਭਾਰਤ ਵਿੱਚ ਹੋਰ ਕਿਤੇ ਨਹੀਂ: ਜੈਨ ਮੁਨੀ ਅਰਵਿੰਦ
ਮਲੇਰਕੋਟਲਾ ਵਿੱਚ ਈਦ ਲਈ ਸਾਰੇ ਪ੍ਰਬੰਧਾਂ ਨੂੰ ਮੁਕੰਮਲ ਕਰ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਈਦਗਾਹ ਪ੍ਰਬੰਧਕ ਕਮੇਟੀ ਦੇ ਮੈਂਬਰ ਮੁਹੰਮਦ ਗਫਾਰ ਨੇ ਕਿਹਾ ਈਦ ਲਈ ਹਜ਼ਾਰਾਂ ਦੀ ਤਦਾਦ 'ਚ ਲੋਕਾਂ ਦੇ ਆਉਣ ਦੀ ਉਮੀਦ ਹੈ। ਉੱਥੇ ਹੀ ਵਿਸ਼ੇਸ਼ ਤੌਰ 'ਤੇ ਮਲੇਰਕੋਟਲਾ ਪਹੁੰਚੇ ਜੈਨ ਮੁਨੀ ਨੇ ਕਿਹਾ ਕਿ ਮਲੇਰਕੋਟਲਾ ਜਿਹੀ ਧਾਰਮਿਕ ਏਕਤਾ ਅਤੇ ਆਪਸੀ ਪਿਆਰ ਦੀ ਮਿਸਾਲ ਅਤੇ ਮਹਿਕ ਹੋਰ ਕਿਧਰੇ ਨਹੀਂ ਮਿਲੀ।
ਉਨ੍ਹਾਂ ਕਿਹਾ ਕਿ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਲੋਕਾਂ ਨੂੰ ਮਲੇਰਕੋਟਲਾ ਦੀ ਧਾਰਮਿਕ ਏਕਤਾ ਤੋਂ ਪ੍ਰੇਰਣਾ ਲੈ ਕੇ ਇਨਸਾਨੀਅਤ ਦਾ ਰਸਤਾ ਇਖ਼ਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਲੇਰਕੋਟਲਾ ਬਾਰੇ ਜੋ ਬਾਹਰੀ ਲੋਕਾਂ ਦੀ ਧਾਰਨਾ ਹੈ, ਉਹ ਇੱਥੇ ਆ ਕੇ ਗਲਤ ਸਾਬਤ ਹੁੰਦੀ ਹੈ। ਜੈਨ ਮੁਨੀ ਨੇ ਕਿਹਾ ਕਿ ਹੋਰਨਾਂ ਸੂਬਿਆ ਨੂੰ ਵੀ ਮਲੇਰਕੋਟਲਾ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਇਸ ਮੌਕੇ ਈਦਗਾਹ ਪ੍ਰਬੰਧਕ ਕਮੇਟੀ ਦੇ ਮੈਂਬਰ ਮੁਹੰਮਦ ਗਫਾਰ ਨੇ ਕਿਹਾ ਕਿ ਈਦ ਲਈ ਸਾਰੇ ਪ੍ਰਬੰਧਾਂ ਨੂੰ ਮੁਕੰਮਲ ਕਰ ਲਿਆ ਗਿਆ ਹੈ। ਗਫ਼ਾਰ ਨੇ ਕਿਹਾ ਕਿ ਮਲੇਰਕੋਟਲਾ ਅਜਿਹਾ ਸ਼ਹਿਰ ਹੈ, ਜਿੱਥੇ ਹਿੰਦੂ-ਮੁਸਲਿਮ ਲੋਕਾਂ ਦੇ ਵਪਾਰ ਵੀ ਸਾਂਝੇ ਹਨ। ਇਸਦੇ ਨਾਲ ਹੀ ਉਨ੍ਹਾਂ ਇਹ ਜਾਣਕਾਰੀ ਵੀ ਦਿੱਤੀ ਕਿ ਈਦ ਦੀ ਨਮਾਜ ਲਈ ਇਸ ਵਾਰ ਹਜ਼ਾਰਾਂ ਲੋਕਾਂ ਦੇ ਆਉਣ ਦੀ ਉਮੀਦ ਹੈ।