ਦਿਸਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕਾਂਗਰਸ ਬੁਲਾਰੇ ਪਵਨ ਖੇੜਾ ਦੀ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਵਨ ਖੇੜਾ ਨੇ ਸੁਪਰੀਮ ਕੋਰਟ ਵਿੱਚ ਆਪਣੀ ਟਿੱਪਣੀ ਲਈ ਮੁਆਫੀ ਮੰਗੀ ਹੈ। ਉਹ ਆਉਣ ਵਾਲੇ ਸਮੇਂ ਵਿੱਚ ਵੱਡਾ ਸਬਕ ਹੋਵੇਗਾ। ਕੋਈ ਵੀ ਵਿਅਕਤੀ ਜਨਤਕ ਤੌਰ 'ਤੇ ਅਸ਼ਲੀਲ ਭਾਸ਼ਾ ਦੀ ਵਰਤੋਂ ਨਹੀਂ ਕਰੇਗਾ। ਅਸਾਮ ਦੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਨੂੰ ਅੰਤ ਤੱਕ ਲੈ ਕੇ ਜਾਣਗੇ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਟਵੀਟ ਕੀਤਾ, 'ਦੋਸ਼ੀ (ਕਾਂਗਰਸ ਨੇਤਾ ਪਵਨ ਖੇੜਾ) ਨੇ ਬਿਨਾਂ ਸ਼ਰਤ ਮੁਆਫ਼ੀ ਮੰਗ ਲਈ ਹੈ। ਅਸੀਂ ਆਸ ਕਰਦੇ ਹਾਂ ਕਿ ਜਨਤਕ ਸਥਾਨਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਹੋਏ, ਹੁਣ ਤੋਂ ਕੋਈ ਵੀ ਸਿਆਸੀ ਚਰਚਾਵਾਂ ਵਿੱਚ ਗੰਦੀ ਭਾਸ਼ਾ ਦੀ ਵਰਤੋਂ ਨਹੀਂ ਕਰੇਗਾ।
ਇਤਰਾਜ਼ਯੋਗ ਟਿੱਪਣੀ : ਦੱਸ ਦਈਏ ਕਿ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਪ੍ਰੈੱਸ ਕਾਨਫਰੰਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਤਾ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਭਾਜਪਾ ਆਗੂਆਂ ਨੇ ਕਿਹਾ ਕਿ ਪਵਨ ਖੇੜਾ ਨੇ ਪ੍ਰਧਾਨ ਮੰਤਰੀ ਦਾ ਅਪਮਾਨ ਕੀਤਾ ਹੈ। ਮਾਮਲੇ ਨੇ ਜਦੋਂ ਤੂਲ ਫੜ ਲਿਆ ਤਾਂ ਖੇੜਾ ਖਿਲਾਫ ਤਿੰਨ ਕੇਸ ਦਰਜ ਕੀਤੇ ਗਏ। ਇਨ੍ਹਾਂ ਵਿੱਚੋਂ ਦੋ ਕੇਸ ਉੱਤਰ ਪ੍ਰਦੇਸ਼ ਵਿੱਚ ਦਰਜ ਕੀਤੇ ਗਏ ਸਨ ਜਦੋਂ ਕਿ ਇੱਕ ਕੇਸ ਅਸਾਮ ਵਿੱਚ ਦਰਜ ਕੀਤਾ ਗਿਆ ਸੀ। ਅਸਾਮ ਪੁਲਸ ਨੇ ਇਸ ਮਾਮਲੇ 'ਚ ਵੀਰਵਾਰ ਨੂੰ ਖੇੜਾ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਦਿੱਲੀ ਏਅਰਪੋਰਟ ਤੋਂ ਰਾਏਪੁਰ ਲਈ ਫਲਾਈਟ 'ਚ ਜਾ ਰਹੇ ਸਨ। ਪੁਲਸ ਇਸ ਮਾਮਲੇ 'ਚ ਪੁੱਛਗਿੱਛ ਲਈ ਉਸ ਨੂੰ ਆਸਾਮ ਲੈ ਕੇ ਜਾਣਾ ਚਾਹੁੰਦੀ ਸੀ।