ਨਵੀਂ ਦਿੱਲੀ: ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਕਾਰਵਾਈ ਮੰਗਲਵਾਰ ਸਵੇਰੇ 11 ਵਜੇ ਸ਼ੁਰੂ ਹੋਈ। ਮੰਨਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਵੀ ਸੰਸਦ 'ਚ ਵਿਰੋਧੀ ਧਿਰ ਦਾ ਹੰਗਾਮਾ ਜਾਰੀ ਰਿਹਾ। ਇਸ ਦੇ ਚੱਲਦੇ ਹੋਰ ਸਾਂਸਦ ਮੁਅੱਤਲ ਕੀਤੇ ਗਏ ਹਨ। ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ।
ਹਾਲਾਂਕਿ ਕੇਂਦਰ ਸਰਕਾਰ ਚੱਲ ਰਹੇ 'ਸਰਦ ਰੁੱਤ ਸੈਸ਼ਨ' 'ਚ ਆਪਣੇ ਵਿਧਾਨਿਕ ਏਜੰਡੇ ਨੂੰ ਅੱਗੇ ਲਿਜਾਣ 'ਤੇ ਧਿਆਨ ਕੇਂਦਰਿਤ ਕਰੇਗੀ। ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਕੇਂਦਰੀ ਵਸਤੂ ਅਤੇ ਸੇਵਾ ਕਰ (ਦੂਜਾ ਸੋਧ) ਬਿੱਲ, 2023 ਲੋਕ ਸਭਾ ਵਿੱਚ ਵਿਚਾਰ ਲਈ ਪੇਸ਼ ਕਰਨ ਜਾ ਰਹੀ ਹੈ। ਕੇਂਦਰੀ ਵਸਤੂ ਅਤੇ ਸੇਵਾ ਟੈਕਸ ਐਕਟ, 2017 ਵਿੱਚ ਹੋਰ ਸੋਧ ਕਰਨ ਦੇ ਪ੍ਰਸਤਾਵ ਦੇ ਨਾਲ ਬਿੱਲ ਪੇਸ਼ ਕੀਤਾ ਜਾਵੇਗਾ। ਲੋਕ ਸਭਾ ਦੀ ਅਨੁਸੂਚਿਤ ਕਾਰੋਬਾਰੀ ਸੂਚੀ ਦੇ ਅਨੁਸਾਰ, ਸੀਤਾਰਮਨ ਟੈਕਸਾਂ ਦੇ ਆਰਜ਼ੀ ਸੰਗ੍ਰਹਿ ਬਿੱਲ, 2023 ਨੂੰ ਵਿਚਾਰ ਲਈ ਵੀ ਪੇਸ਼ ਕਰ ਸਕਦੀ ਹੈ। ਕੇਂਦਰੀ ਮੰਤਰੀ ਹਰਦੀਪ ਪੁਰੀ ਨੈਸ਼ਨਲ ਕੈਪੀਟਲ ਟੈਰੀਟਰੀ ਆਫ ਦਿੱਲੀ ਲਾਅਜ਼ (ਵਿਸ਼ੇਸ਼ ਉਪਬੰਧ) ਦੂਜਾ (ਸੋਧ) ਬਿੱਲ, 2023 ਪੇਸ਼ ਕਰਨ ਜਾ ਰਹੇ ਹਨ।
ਅਪਡੇਟ 12:41 ਵਜੇ :-
ਲੋਕ ਸਭਾ ਵਿੱਚ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸਦਨ ਦੇ ਅੰਦਰ ਤਖ਼ਤੀਆਂ ਨਾ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ। ਹਾਲੀਆ ਚੋਣਾਂ ਵਿੱਚ ਹਾਰਨ ਦੀ ਨਿਰਾਸ਼ਾ ਕਾਰਨ ਉਹ (ਵਿਰੋਧੀ ਧਿਰ ਦੇ ਸੰਸਦ ਮੈਂਬਰ) ਅਜਿਹੇ ਕਦਮ ਚੁੱਕ ਰਹੇ ਹਨ। ਇਸ ਲਈ ਅਸੀਂ (ਸਾਂਸਦਾਂ ਨੂੰ ਮੁਅੱਤਲ ਕਰਨ ਦਾ) ਪ੍ਰਸਤਾਵ ਲਿਆ ਰਹੇ ਹਾਂ। ਲੋਕ ਸਭਾ ਵਿੱਚ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸੁਪ੍ਰੀਆ ਸੁਲੇ, ਮਨੀਸ਼ ਤਿਵਾੜੀ, ਸ਼ਸ਼ੀ ਥਰੂਰ, ਮੁਹੰਮਦ ਫੈਜ਼ਲ, ਕਾਰਤੀ ਚਿਦੰਬਰਮ, ਸੁਦੀਪ ਬੰਧੋਪਾਧਿਆਏ, ਡਿੰਪਲ ਯਾਦਵ ਅਤੇ ਦਾਨਿਸ਼ ਅਲੀ ਸਮੇਤ ਵਿਰੋਧੀ ਧਿਰ ਦੇ ਹੋਰ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਪ੍ਰਸਤਾਵ ਰੱਖਿਆ। ਲੋਕਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕੀਤੀ ਗਈ।