ਹੈਦਰਾਬਾਦ: ਲੋਕ ਸਭਾ ਵਿੱਚ ਸੋਮਵਾਰ ਨੂੰ ਹੰਗਾਮੇ ਦਰਮਿਆਨ ਚੋਣ ਕਾਨੂੰਨ (ਸੋਧ) ਬਿੱਲ, 2021 ਪਾਸ ਹੋ ਗਿਆ। ਹੁਣ ਇਹ ਬਿੱਲ ਰਾਜ ਸਭਾ ਵਿੱਚ ਪੇਸ਼ ਕੀਤਾ ਜਾਵੇਗਾ।
ਬਿੱਲ ਦੇ ਨਿਯਮਾਂ ਮੁਤਾਬਕ ਵੋਟਰ ਆਈਡੀ ਨੂੰ ਹੁਣ ਲੋਕਾਂ ਦੇ ਆਧਾਰ ਨੰਬਰ ਨਾਲ ਲਿੰਕ ਕੀਤਾ ਜਾਵੇਗਾ। ਹਾਲਾਂਕਿ ਆਧਾਰ ਕਾਰਡ ਨੂੰ ਵੋਟਰ ਆਈਡੀ ਨਾਲ ਲਿੰਕ ਕਰਨ ਦਾ ਫੈਸਲਾ ਲਾਜ਼ਮੀ ਨਹੀਂ ਹੋਵੇਗਾ, ਪਰ ਇਹ ਜਨਤਾ ਲਈ ਸਵੈਇੱਛਤ ਹੋਵੇਗਾ। ਚੋਣ ਕਮਿਸ਼ਨ ਨੇ ਸਰਕਾਰ ਨੂੰ ਆਧਾਰ ਨੂੰ ਵੋਟਰ ਆਈਡੀ ਨਾਲ ਲਿੰਕ ਕਰਨ ਦੀ ਸਿਫ਼ਾਰਸ਼ ਕੀਤੀ ਸੀ, ਤਾਂ ਜੋ ਚੋਣਾਂ ਦੌਰਾਨ ਧਾਂਦਲੀ ਨੂੰ ਰੋਕਿਆ ਜਾ ਸਕੇ। ਬਿੱਲ ਪੇਸ਼ ਕਰਦੇ ਹੋਏ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਆਧਾਰ ਅਤੇ ਵੋਟਰ ਕਾਰਡ ਨੂੰ ਲਿੰਕ ਕਰਨ ਨਾਲ ਫਰਜ਼ੀ ਵੋਟਰਾਂ ਦੀ ਜਾਂਚ ਹੋਵੇਗੀ।
ਕਿਵੇਂ ਜੁੜੇਗਾ ਵੋਟਰ ਆਈਡੀ ਨਾਲ ਆਧਾਰ ਕਾਰਡ
ਆਧਾਰ ਕਾਰਡ ਇਕ ਅਜਿਹਾ ਵਿਲੱਖਣ ਪਛਾਣ ਕੋਡ ਹੈ, ਜਿਸ ਦੀ ਮਦਦ ਨਾਲ ਹਰ ਭਾਰਤੀ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਭਾਰਤੀ ਨਾਗਰਿਕ ਦੀ ਪਛਾਣ ਅਤੇ ਉਸ ਦੀ ਬਾਇਓਮੈਟ੍ਰਿਕ ਜਾਣਕਾਰੀ ਵੀ ਆਧਾਰ ਕਾਰਡ ਨਾਲ ਜੁੜੀ ਹੋਈ ਹੈ। ਨਵੇਂ ਵੋਟਰਾਂ ਨੂੰ ਵੋਟਰ ਕਾਰਡ ਨਾਲ ਆਧਾਰ ਲਿੰਕ ਕਰਨ ਲਈ ਅਰਜ਼ੀ ਦੇ ਨਾਲ ਪੂਰਾ ਵੇਰਵਾ ਦੇਣਾ ਹੋਵੇਗਾ। ਉਹ ਅਰਜ਼ੀ ਦੇ ਨਾਲ ਵੋਟਰ ਕਾਰਡ ਨਾਲ ਆਧਾਰ ਨੰਬਰ ਲਿੰਕ ਕਰਨ ਲਈ ਸਹਿਮਤੀ ਦੇਵੇਗਾ।
ਪੁਰਾਣੇ ਵੋਟਰਾਂ ਨੂੰ ਵੋਟਰ ਆਈਡੀ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ https://voteportal.eci.gov.in 'ਤੇ ਨੈਸ਼ਨਲ ਵੋਟਰ ਸਰਵਿਸ ਪੋਰਟਲ 'ਤੇ ਰਜਿਸਟਰ ਕਰਨਾ ਹੋਵੇਗਾ। ਇਸ ਤੋਂ ਬਾਅਦ ਮੋਬਾਈਲ ਨੰਬਰ, ਈਮੇਲ ਆਈਡੀ ਜਾਂ ਵੋਟਰ ਆਈਡੀ ਨੰਬਰ ਰਾਹੀਂ ਲੌਗਇਨ ਕਰਨਾ ਹੋਵੇਗਾ। ਇਸ ਤੋਂ ਬਾਅਦ ਪੇਜ ਖੁੱਲ੍ਹੇਗਾ, ਜਿਸ 'ਤੇ ਬਿਨੈਕਾਰ ਨੂੰ ਰਾਜ ਜ਼ਿਲ੍ਹੇ ਸਮੇਤ ਆਪਣੀ ਸਾਰੀ ਨਿੱਜੀ ਜਾਣਕਾਰੀ ਵੀ ਦੇਣੀ ਹੋਵੇਗੀ।
ਜਾਣਕਾਰੀ ਭਰਨ ਤੋਂ ਬਾਅਦ ਜਦੋਂ ਤੁਸੀਂ ਸਰਚ ਬਟਨ 'ਤੇ ਕਲਿੱਕ ਕਰਦੇ ਹੋ ਤਾਂ ਕੁਝ ਸਕਿੰਟਾਂ ਬਾਅਦ ਸਕਰੀਨ 'ਤੇ ਆਧਾਰ ਨੰਬਰ ਦਰਜ ਕਰਨ ਦਾ ਵਿਕਲਪ ਦਿਖਾਈ ਦੇਵੇਗਾ। ਧਿਆਨ ਰਹੇ ਕਿ ਆਧਾਰ ਨੰਬਰ ਪਾਉਣ ਦਾ ਵਿਕਲਪ ਉਦੋਂ ਹੀ ਆਵੇਗਾ ਜਦੋਂ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਸਰਕਾਰ ਦੇ ਡੇਟਾ ਨਾਲ ਮੇਲ ਖਾਂਦੀ ਹੋਵੇਗੀ।