ਅੰਬਾਲਾ: ਅੰਬਾਲਾ ਏਅਰਫੋਰਸ ਸਟੇਸ਼ਨ ਦੇ ਅਧਿਕਾਰੀਆਂ ਨੂੰ ਇੱਕ ਚਿੱਠੀ ਮਿਲੀ ਹੈ, ਜਿਸ ਵਿੱਚ ਅੰਬਾਲਾ ਤੋਂ ਇਲਾਵਾ ਦਿੱਲੀ, ਅਯੁੱਧਿਆ ਅਤੇ ਪੰਜਾਬ ਨੂੰ ਧਮਾਕਿਆਂ ਨਾਲ ਕੰਬਾਉਣ ਦੀ ਜਾਣਕਾਰੀ ਦਿੱਤੀ ਗਈ ਹੈ। ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਬੰਬ ਧਮਾਕੇ ਦੀ ਸਾਜਿਸ਼ ਵਿੱਚ ਕੁੱਲ 15 ਵਿਅਕਤੀ ਸ਼ਾਮਲ ਹਨ ਅਤੇ ਸਾਜਿਸ਼ ਦਾ ਮਾਸਟਰਮਾਈਂਡ ਜਲੰਧਰ ਦੇ ਰਾਮਾਂਮੰਡੀ ਦਾ ਵਾਸੀ ਰਾਜੇਸ਼ ਵੈਸ਼ ਹੈ। ਚਿੱਠੀ ਵਿੱਚ ਜਿਹੜੇ ਮੋਬਾਈਲ ਨੰਬਰ ਦਾ ਜ਼ਿਕਰ ਕੀਤਾ ਗਿਆ ਹੈ, ਉਹ ਹਾਲੇ ਬੰਦ ਹੈ।
ਕੀ ਲਿਖਿਆ ਹੈ ਚਿੱਠੀ ਵਿੱਚ?
ਜਿਹੜੀ ਚਿੱਠੀ ਅੰਬਾਲਾ ਏਅਰਫੋਰਸ ਸਟੇਸ਼ਨ ਦੇ ਅਧਿਕਾਰੀਆਂ ਨੂੰ ਮਿਲੀ ਹੈ, ਉਸ ਨੂੰ ਲਿਖਣ ਵਾਲੀ ਨੇ ਆਪਣੀ ਪਛਾਣ ਗੁਪਤ ਜਾਸੂਸ ਮੋਨਿਕਾ ਦੱਸੀ ਹੈ। ਉਸਨੇ ਲਿਖਿਆ ਹੈ ਕਿ ਉਹ ਇਹ ਚਿੱਠੀ ਸੀਆਰਪੀਐਫ, ਆਈਟੀਬੀਪੀ ਅਤੇ ਸੀਆਈਐਸਐਫ ਨੂੰ ਵੀ ਭੇਜ ਰਹੀ ਹੈ, ਕਿਉਂਕਿ ਪੁਲਿਸ ਦੇ ਕੁੱਝ ਉਚ ਅਧਿਕਾਰੀ ਵੀ ਇਸ ਵਿੱਚ ਸ਼ਾਮਲ ਹਨ। ਅੱਗੇ ਲਿਖਿਆ ਗਿਆ ਹੈ ਕਿ ਉਨ੍ਹਾਂ ਨੇ ਮੈਨੂੰ ਫੜ ਲਿਆ ਸੀ ਅਤੇ ਉਹ ਉਥੋਂ ਭੱਜ ਗਈ। ਇਸ ਦੌਰਾਨ ਕਾਫੀ ਸੱਟਾਂ ਲੱਗੀਆਂ, ਇਸ ਲਈ ਖੱਬੇ ਹੱਥ ਨਾਲ ਲਿਖ ਰਹੀ ਹਾਂ। ਆਪਣੇ ਦੇਸ਼ ਨੂੰ ਬਚਾਉਣ ਲਈ ਮੈਂ ਜਾਨ ਵੀ ਦੇ ਸਕਦੀ ਹਾਂ। ਕ੍ਰਿਪਾ ਕਰਕੇ ਤੁਹਾਨੂੰ ਅਪੀਲ ਹੈ ਕਿ ਤੁਸੀ ਇਨ੍ਹਾਂ ਸਾਰਿਆਂ ਨੂੰ ਫੜ ਲਉ।
ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਅੱਤਵਾਦੀਆਂ ਨੂੰ ਪਾਕਿਸਤਾਨ ਤਰਫੋਂ 25 ਕਰੋੜ ਰੁਪਏ ਮਿਲੇ ਹਨ। ਦੂਜੇ ਅੱਤਵਾਦੀ ਦਾ ਨਾਂਅ ਸ਼ੁਭਮ ਹੈ, ਜਿਹੜਾ ਬਿਲਾਸਪੁਰ ਦਾ ਰਹਿਣ ਵਾਲਾ ਹੈ ਅਤੇ ਉਸਦੀ ਕੱਪੜੇ ਦੀ ਦੁਕਾਨ ਹੈ।