ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂਆਂ ਦਾ ਮੁਕਾਬਲਾ ਮਜ਼ੇਦਾਰ ਹੁੰਦਾ ਜਾ ਰਿਹਾ ਹੈ। ਟਿਕਟ ਨਹੀਂ ਮਿਲਣ ਤੇ ਕੋਈ ਪਾਰਟੀ ਬਦਲ ਰਹੇ ਹਨ ਤੇ ਕੋਈ ਚੋਣ ਲੜਨ ਤੋਂ ਹੀ ਪਿੱਛੇ ਹਟ ਰਹੇ ਹਨ। ਕੁੱਝ ਅਜਿਹਾ ਹੀ ਫ਼ੈਸਲਾ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਲਿਆ ਹੈ। ਸੁਮਿਤਰਾ ਮਹਾਜਨ ਨੇ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ।
ਦਰਅਸਲ, ਇੰਦੌਰ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਅਜੇ ਤੱਕ ਕੋਈ ਉਮੀਦਵਾਰ ਨਹੀਂ ਉਤਾਰਿਆ ਗਿਆ ਜਿਸ ਦੇ ਚੱਲਦਿਆਂ ਸੁਮਿਤਰਾ ਮਹਾਜਨ ਨੇ ਲੋਕ ਸਭਾ ਚੋਣਾਂ ਨਾ ਲੜਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਨੂੰ ਪੱਤਰ ਲਿਖਦਿਆਂ ਕਿਹਾ ਕਿ ਇੰਦੌਰ 'ਚ ਆਖ਼ਰ ਉਮੀਦਵਾਰ ਦਾ ਐਲਾਨ ਕਿਉਂ ਨਹੀਂ ਕੀਤਾ ਗਿਆ ਹੈ।ਕੀ ਪਾਰਟੀ ਕਿਸੇ ਤਰ੍ਹਾਂ ਦੀ ਉਲਝਣ 'ਚ ਹੈ?
ਟਿਕਟ ਨਾ ਮਿਲਣ ਤੋਂ ਨਾਰਾਜ਼ ਸੁਮਿਤਰਾ ਮਹਾਜਨ ਨੇ ਚੋਣ ਲੜਨ ਤੋਂ ਕੀਤਾ ਇਨਕਾਰ
ਇੰਦੌਰ ਤੋਂ ਲੋਕ ਸਭਾ ਸੀਟ ਦੀ ਉਮੀਦਵਾਰੀ ਦਾ ਐਲਾਨ ਕਰਨ 'ਚ ਦੇਰੀ ਹੋਣ ਕਰਕੇ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਨਾਰਾਜ਼ਗੀ ਜਤਾਈ ਹੈ। ਇਸ ਦੇ ਚੱਲਦਿਆਂ ਉਨ੍ਹਾਂ ਨੇ ਲੋਕ ਸਭਾ ਚੋਣ ਲੜਨ ਤੋਂ ਮਨ੍ਹਾਂ ਕਰ ਦਿੱਤਾ ਹੈ।
ਸੁਮਿਤਰਾ ਮਹਾਜਨ ਨੇ ਲਿਖਿਆ ਪੱਤਰ
ਦੱਸ ਦੇਈਏ ਕਿ ਸੁਮਿਤਰਾ ਮਹਾਜਨ ਇੰਦੌਰ ਲੋਕ ਸਭਾ ਸੀਟ ਤੋਂ ਲਗਾਤਾਰ 8 ਵਾਰ ਭਾਜਪਾ ਦੀ ਸੰਸਦ ਮੈਂਬਰ ਰਹਿ ਚੁੱਕੀ ਹੈ। ਚੋਣ ਨਾ ਲੜਨ ਦੇ ਐਲਾਨ ਤੋਂ ਬਾਅਦ ਸੁਮਿਤਰਾ ਮਹਾਜਨ ਨੇ ਕਿਹਾ ਕਿ ਪਾਰਟੀ ਆਜ਼ਾਦ ਮਨ ਨਾਲ ਲੋਕ ਸਭਾ ਦੇ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ।