ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੁਰੂਕਸ਼ੇਤਰ ਦੇ ਦੌਰੇ 'ਤੇ, ਸੂਬੇ ਨੂੰ ਦੇਣਗੇ ਕਰੋੜਾਂ ਦੀ ਸੌਗਾਤ - ਪ੍ਰਧਾਨ ਮੰਤਰੀ
ਕੁਰੂਕਸ਼ੇਤਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਧਰਮ ਨਗਰੀ ਕੁਰੂਕਸ਼ੇਤਰ ਆਉਣਗੇ। ਪੀ.ਐਮ. ਅੱਜ ਕੁਰੂਕਸ਼ੇਤਰ 'ਚ 'ਸਵੱਛ ਸ਼ਕਤੀ 2019' ਪ੍ਰੋਗਰਾਮ 'ਚ ਸ਼ਿਰਕਤ ਕਰਨ ਆ ਰਹੇ ਹਨ। ਸਮਾਗਮ ਰਾਹੀਂ ਪ੍ਰਧਾਨ ਮੰਤਰੀ ਮੁਲਕ ਨੂੰ ਸਵੱਛਤਾ ਦਾ ਸੰਦੇਸ਼ ਦੇਣਗੇ। ਇਸ ਸਮਾਗਮ ਲਈ 7 ਸੂਬਿਆਂ ਦੇ ਕਲਾਕਾਰ ਵੀ ਸੱਦੇ ਗਏ ਹਨ।
ਪ੍ਰਧਾਨ ਮੰਤਰੀ ਸੂਬੇ 'ਚ ਵੱਖ ਵੱਖ ਪ੍ਰੋਜੈਕਟਾਂ ਦੀ ਵੀ ਸ਼ੁਰੂਆਤ ਕਰਨਗੇ। ਸਵੱਛ ਸ਼ਕਤੀ ਸਮਾਗਮ 'ਚ ਪੀ.ਐਮ. ਦੇ ਨਾਲ ਕੇਂਦਰੀ ਮੰਤਰੀ ਉਮਾ ਭਾਰਤੀ ਵੀ ਆ ਰਹੇ ਹਨ। ਇਹ ਸਮਾਗਮ ਬ੍ਰਹਮਸਰੋਵਰ ਕੰਢੇ ਮੇਲਾ ਏਰੀਆ 'ਚ ਹੋਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ:
⦁ ਕੁਰੂਕਸ਼ੇਤਰ 'ਚ 95 ਏਕੜ 'ਚ ਬਨਣ ਵਾਲੇ ਆਯੂਸ਼ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣਗੇ। ਇਸ ਪ੍ਰੋਜੈਕਟ 'ਤੇ 500 ਕਰੋੜ ਰੁਪਏ ਖਰਚ ਕੀਤੇ ਜਾਣਗੇ
⦁ ਪ੍ਰਧਾਨ ਮੰਤਰੀ ਝੱਜਰ 'ਚ ਬਣੇ ਰਾਸ਼ਟਰੀ ਕੈਂਸਰ ਸੰਸਥਾਨ ਦਾ ਉਦਘਾਟਨ ਕਰਨਗੇ। ਕੈਂਸਰ ਦੇ ਇਲਾਜ ਲਈ 2037 ਕਰੋੜ ਦੀ ਲਾਗਤ ਨਾਲ ਸੰਸਥਾਨ ਤਿਆਰ ਹੋ ਰਿਹਾ ਹੈ।
⦁ ਕਰਨਾਲ ਦੇ 4 ਲੇਨ ਬਾਈਪਾਸ, ਪਿੰਡ ਕੁਟੇਲ 'ਚ ਦੀਨਦਿਆਲ ਉਪਾਧਿਆਏ ਦੇ ਨਾਂਅ 'ਤੇ ਮੈਡੀਕਲ ਯੂਨੀਵਰਸਿਟੀ ਦਾ ਵਿਡੀਉ ਕਾਨਫਰੰਸਿੰਗ ਰਾਹੀਂ ਨੀਂਹ ਪੱਥਰ ਰੱਖਣਗੇ।
⦁ ਪ੍ਰਧਾਨ ਮੰਤਰੀ ਵਿਡੀਉ ਕਾਨਫਰੰਸਿੰਗ ਰਾਹੀਂ ਪੰਚਕੁਲਾ ਦੇ ਰਾਸ਼ਟਰੀ ਆਯੁਰਵੇਦ ਸੰਸਥਾਨ ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਦੀ ਫੇਰੀ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਪੀ.ਐਮ. ਦੀ ਸੁਰੱਖਿਆ ਲਈ 12 ਐਸਪੀ, 26 ਡੀਐਸਪੀ ਸਣੇ ਤਕਰਿਬਨ 4 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸਦੇ ਨਾਲ ਹੀ ਮਹਿਲਾ ਪੁਲਿਸ ਦੇ 50 ਦੁਰਗਾ ਸ਼ਕਤੀ ਵਾਹਨ ਚੱਪੇ-ਚੱਪੇ 'ਤੇ ਨਜ਼ਰ ਰਖਣਗੇ।