ਹਰਿਆਣਾ ਸਰਕਾਰ ਵੀ ਮਨਾਏਗੀ 550ਵਾਂ ਪ੍ਰਕਾਸ਼ਪੁਰਬ, ਸਿਰਸਾ 'ਚ ਹੋਵੇਗਾ ਵਿਸ਼ਾਲ ਸਮਾਗਮ - sgpc
ਹਰਿਆਣਾ ਦੀ ਬੀਜੇਪੀ ਸਰਕਾਰ ਵੀ 550ਵਾਂ ਪ੍ਰਕਾਸ਼ਪੁਰਬ ਮਨਾਏਗੀ। ਇਸ ਸਬੰਧੀ ਸਿਰਸਾ 'ਚ ਵਿਸ਼ਾਲ ਧਾਰਮਕ ਸਮਾਗਮ ਕਰਵਾਇਆ ਜਾਵੇਗਾ। ਹਾਲਾਂਕਿ ਸਮਾਗਮ ਦੀ ਤਰੀਕ ਹਾਲੇ ਤੱਕ ਤੈਅ ਨਹੀਂ ਹੋਈ ਹੈ।

ਚੰਡੀਗੜ੍ਹ: ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਹਰਿਆਣਾ 'ਚ ਵੀ ਮਨਾਇਆ ਜਾਵੇਗਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਣੇ ਹੋਰ ਕਈ ਸਿੱਖ ਆਗੂਆਂ ਨਾਲ ਮੀਟਿੰਗ ਕੀਤੀ ਤੇ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ 'ਚ ਵੀ ਧੂਮਧਾਮ ਨਾਲ ਗੁਰਪੁਰਬ ਮਨਾਉਣ ਦਾ ਫੈਸਲਾ ਕੀਤਾ ਗਿਆ।
ਸਿਰਸਾ 'ਚ ਗੁਰਪੁਰਬ ਮੌਕੇ ਵਿਸ਼ਾਲ ਧਾਰਮਕ ਸਮਾਗਮ ਕਰਵਾਇਆ ਜਾਵੇਗਾ। ਹਾਲਾਂਕਿ ਸਮਾਗਮ ਦੀ ਤਰੀਕ ਹਾਲੇ ਤੱਕ ਤੈਅ ਨਹੀਂ ਹੋਈ ਹੈ ਪਰ ਦਿਨ ਪੱਕਾ ਕਰਨ ਲਈ ਅਜਿਹੀ ਮੀਟਿੰਗ ਦੋਬਾਰਾ ਵੀ ਕੀਤੀ ਜਾਵੇਗੀ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰਿਹਾਇਸ਼ 'ਤੇ ਹੋਈ ਇਸ ਮੀਟਿੰਗ 'ਚ ਲੌਂਗੋਵਾਲ ਤੋਂ ਇਲਾਵਾ ਦਮਦਮੀ ਟਕਸਾਲ ਦੇ ਪ੍ਰਮੁੱਖ ਅਤੇ ਪਟਨਾ ਸਾਹਿਬ ਦੇ ਜੱਥੇਦਾਰ ਵੀ ਸ਼ਾਮਲ ਸਨ।
ਹਰਿਆਣਾ ਦੇ ਮੁੱਖ ਮੰਤਰੀ ਨੇ ਸਿਰਸਾ 'ਚ ਹੋਣ ਵਾਲੇ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੱਦਾ ਦਿੱਤੇ ਜਾਣ ਦੀ ਗੱਲ ਆਖੀ ਹੈ। ਇਸ ਦੇ ਨਾਲ ਹੀ ਉਨ੍ਹਾਂ ਸਿੱਖ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਤੇ ਪਾਣੀ ਦੇ ਘੱਟਦੇ ਜਲ ਪੱਧਰ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰਨ।