ਰਾਏਪੁਰ: ਵੈਸੇ ਤਾਂ ਬਾਪ ਅਤੇ ਧੀ ਦਾ ਰਿਸ਼ਤਾ ਪਾਕ ਸਾਫ਼ ਅਤੇ ਪਵਿਤਰ ਮੰਨੀਆ ਜਾਂਦਾ ਹੈ, ਪਰ ਇਨ੍ਹਾਂ ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ ਮਾਮਲਾ ਹੈ ਹਿਮਾਚਲ ਪ੍ਰਦੇਸ਼ ਦੇ ਉਪ ਮੰਡਲ ਰਾਏਪੁਰ ਮੈਦਾਨ ਦਾ। ਜਿੱਥੇ ਇੱਕ ਪਿਓ ਨੇ ਆਪਣੀਆਂ ਧੀਆਂ ਨੂੰ ਮੋਟਰਬੋਟ ਤੋਂ ਝੀਲ ਵਿੱਚ ਧੱਕਾ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਮੌਜੂਦ ਨੌਜਵਾਨ ਸੁਨੀਲ ਨੇ ਉਨ੍ਹਾਂ ਮਾਸੂਮ ਬੱਚਿਆਂ ਨੂੰ ਝੀਲ ਵਿੱਚ ਛਾਲ ਮਾਰ ਕੇ ਬਚਾ ਲਿਆ।
ਕੀ ਹੈ ਪੂਰਾ ਮਾਮਲਾ?
ਜਗਰਾਓਂ ਦੇ ਨੇੜਲੇ ਪਿੰਡ ਵਿੱਚ ਰਹਿੰਦਾ ਪਰਿਵਾਰ ਬੀਤੇ ਸ਼ਨਿਵਾਰ 'ਬਾਲਕ ਨਾਥ ਮੰਦਰ' ਦਿਉਟਸਿੱਧ ਵਿਖੇ ਨਤਮਸਤਕ ਹੋਣ ਗਿਆ ਸੀ। ਮੰਦਰ ਤੋਂ ਵਾਪਸ ਲਠਿਆਣੀ ਕਸਬੇ ਤੋਂ ਗੋਬਿੰਦ ਸਾਗਰ ਝੀਲ ਰਾਹੀਂ ਪਰਤ ਰਹੇ ਪਰਿਵਾਰ ਵਿੱਚ ਚਮਕੌਰ ਸਿੰਘ ਅਤੇ ਉਸ ਦੀਆਂ 2 ਧੀਆਂ ਸਨ। ਜਦ ਇਹ ਪਰਿਵਾਰ ਮੋਟਰਬੋਟ 'ਤੇ ਸਵਾਰ ਸੀ ਤਾਂ ਅਚਾਨਕ ਹੀ ਪਿਤਾ(ਚਮਕੌਰ ਸਿੰਘ) ਨੇ ਆਪਣੀਆਂ ਦੋਵੇਂ ਧੀਆਂ ਨੂੰ ਝੀਲ ਵਿੱਚ ਧੱਕਾ ਦੇ ਦਿੱਤਾ ਅਤੇ ਉਸੇ ਹੀ ਮੋਟਰਬੋਟ 'ਤੇ ਸਵਾਰ ਇੱਕ ਨੌਜਵਾਨ ਸੁਨੀਲ ਨੇ ਝੀਲ ਵਿੱਚ ਛਾਲ ਮਾਰ ਕੇ ਦੋਵਾਂ ਨੂੰ ਮੌਤ ਦੇ ਮੁਹ ਚੋਂ ਖੋਹ ਲਿਆ।
ਮੌਕੇ 'ਤੇ ਮੌਜੂਦ ਚਸ਼ਮਦੀਦਾਂ ਮੁਤਾਬਕ ਪਿਤਾ ਨੇ ਪਹਿਲਾਂ ਆਪਣੀ 12 ਸਾਲਾ ਧੀ ਹਰਮਨ ਨੂੰ ਝੀਲ ਵਿੱਚ ਧੱਕਾ ਦਿੱਤਾ ਅਤੇ ਫਿਰ 8 ਸਾਲਾ ਧੀ ਨੂੰ। ਮੌਕੇ 'ਤੇ ਮੌਜੂਦ ਲੋਕਾਂ ਨੇ ਦੋਵਾਂ ਬੱਚਿਆਂ ਦੀ ਜਾਨ ਬਚਾਉਣ ਵਾਲੇ ਬਹਾਦਰ ਸੁਨੀਲ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਤੋਂ ਪਹਿਲਾ ਵੀ ਇਹ ਨੌਜਵਾਨ ਕਈ ਲੋਕਾਂ ਦੀ ਜਾਨ ਬਚਾ ਚੁੱਕਾ ਹੈ। ਮੌਕੇ 'ਤੇ ਮੌਜੂਦ ਲੋਕ ਬੱਚਿਆਂ ਦੇ ਪਿਤਾ(ਚਮਕੌਰ ਸਿੰਘ) ਨੂੰ ਕੁੱਟਾਪਾ ਚਾੜਨ ਲੱਗੇ ਸਨ, ਕਿ ਉਨ੍ਹਾਂ ਹੀ ਧੀਆਂ ਨੇ ਆਪਣੇ ਬਾਪ ਨੂੰ ਲੋਕਾਂ ਅੱਗੇ ਹੱਥ ਜੋੜ ਕੇ ਇਹ ਕਹਿੰਦੇ ਹੋਏ ਬਚਾ ਲਿਆ "ਪਾਪਾ ਨੂੰ ਮੁਆਫ਼ ਕਰ ਦੋ।"
ਇਸ ਘਟਨਾ ਤੋਂ ਬਾਅਦ ਦੋਵੇਂ ਬੱਚਿਆਂ ਇਸ ਕਦਰ ਡਰ ਅਤੇ ਸਹਿਮ ਗਈਆਂ ਸਨ ਕਿ ਉਹ ਆਪਣੇ ਬਾਪ ਨਾਲ ਘਰ ਨਹੀਂ ਜਾਣਾ ਚਹੁੰਦੀਆਂ ਸਨ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚੇ ਅਤੇ ਚਮਕੌਰ ਦੇ ਭਰਾ ਨੇ ਕਿਹਾ ਕਿ ਉਸ ਦਾ ਭਰਾ ਕਦੇ-ਕਦੇ ਪਰੇਸ਼ਾਨ ਹੋ ਜਾਂਦਾ ਹੈ ਜਿਸ ਕਾਰਨ ਉਸ ਨੇ ਅਜਿਹਾ ਕੀਤਾ ਹੋਵੇਗਾ।