ਲੁਧਿਆਣਾ:ਨਗਰ ਨਿਗਮ ਚੋਣਾਂ ਨੂੰ ਲੈਕੇ 95 ਵਾਰਡਾਂ ਦੇ ਲਈ 682 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ। ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਵਿੱਚ ਹੈ। ਇਨ੍ਹਾਂ ਨਗਰ ਨਿਗਮ ਚੋਣਾਂ ਦੇ ਵਿੱਚ ਪਾਰਟੀ ਚੋਣ ਨਿਸ਼ਾਨ ਉੱਤੇ ਚੋਣ ਲੜੀ ਜਾ ਰਹੀ ਹੈ ਅਤੇ ਸਾਰੀਆਂ ਹੀ ਪਾਰਟੀਆਂ ਵੱਲੋਂ ਜ਼ੋਰ ਲਗਾਇਆ ਜਾ ਰਿਹਾ ਹੈ। ਉੱਥੇ ਹੀ ਨਗਰ ਕੌਂਸਲ ਸਾਹਨੇਵਾਲ, ਨਗਰ ਕੌਂਸਲ ਮਾਛੀਵਾੜਾ ਅਤੇ ਨਗਰ ਕੌਂਸਲ ਖੰਨਾ ਦੇ ਲਈ 21 ਦਸੰਬਰ ਨੂੰ ਵੋਟਾਂ ਪੈਣੀਆਂ ਹਨ। ਮਾਛੀਵਾੜਾ ਦੇ ਲਈ 68 ਉਮੀਦਵਾਰ, ਸਾਹਨੇਵਾਲ ਦੇ ਲਈ 74 ਉਮੀਦਵਾਰ ਅਤੇ ਖੰਨਾ ਦੇ ਲਈ 5 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ।
ਮਹਿਲਾ ਉਮੀਦਵਾਰ ਨੇ ਦੱਸੇ ਲੋਕਾਂ ਦੇ ਮੁੱਦੇ (ETV BHARAT PUNJAB (ਪੱਤਰਕਾਰ,ਲੁਧਿਆਣਾ)) ਮਹਿਲਾਵਾਂ ਨੇ ਸੰਭਾਲੀ ਕਮਾਨ
ਨਗਰ ਨਿਗਮ ਦੀਆਂ ਹੋ ਰਹੀਆਂ ਇਹ ਚੋਣਾਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਇੱਕ ਸੈਮੀਫਾਈਨਲ ਮੰਨ ਕੇ ਸਿਆਸੀ ਪਾਰਟੀਆਂ ਵੱਲੋਂ ਲੜੀਆਂ ਜਾ ਰਹੀਆਂ ਹਨ। ਇਸੇ ਨੂੰ ਲੈ ਕੇ ਚੋਣ ਪ੍ਰਚਾਰ ਵੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ, ਖਾਸ ਕਰਕੇ ਲੁਧਿਆਣਾ ਦੇ 95 ਵਿੱਚੋਂ 40 ਤੋਂ ਵੱਧ ਵਾਰਡ ਮਹਿਲਾਵਾਂ ਨਾਲ ਸੰਬੰਧਿਤ ਹਨ। ਜਿੱਥੇ ਮਹਿਲਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ। ਮਹਿਲਾਵਾਂ ਵੱਲੋਂ ਚੋਣ ਪ੍ਰਚਾਰ ਦੀ ਕਮਾਨ ਸਾਂਭੀ ਹੋਈ ਹੈ।
ਮੁੱਢਲੀਆਂ ਸਹੂਲਤਾਂ ਤੋਂ ਸੱਖਣੇ ਇਲਾਕੇ
ਲੁਧਿਆਣਾ ਦੇ ਵਾਰਡ ਨੰਬਰ 59 ਦੇ ਵਿੱਚ ਮਨਪ੍ਰੀਤ ਕੌਰ ਖੰਗੂੜਾ ਚੋਣ ਮੈਦਾਨ ਦੇ ਵਿੱਚ ਹੈ ਅਤੇ ਜੰਗੀ ਪੱਦਰ ਉੱਤੇ ਪ੍ਰਚਾਰ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਹੈ। ਖਾਸ ਕਰਕੇ ਦੁਪਹਿਰ ਵੇਲੇ ਮਹਿਲਾਵਾਂ ਡੋਰ ਟੂ ਡੋਰ ਕੰਪੇਨ ਚਲਾ ਰਹੀਆਂ ਹਨ ਤਾਂ ਜੋ ਇਲਾਕੇ ਦੀਆਂ ਸਮੱਸਿਆਵਾਂ ਤੋਂ ਜਾਣੂ ਹੋਇਆ ਜਾ ਸਕੇ। ਇਸ ਦੌਰਾਨ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਮਹਿਲਾ ਉਮੀਦਵਾਰ ਨੇ ਦੱਸਿਆ ਕਿ ਸਿੱਖਿਆ, ਸਿਹਤ ਅਤੇ ਇਲਾਕੇ ਦੀਆਂ ਮੁੱਢਲੀਆਂ ਸਹੂਲਤਾਂ ਨੂੰ ਲੈ ਕੇ ਉਹ ਚੋਣ ਮੈਦਾਨ ਦੇ ਵਿੱਚ ਉਤਰੇ ਹਨ। ਉਹਨਾਂ ਕਿਹਾ ਕਿ ਚੋਣਾਂ ਕਾਫੀ ਦੇਰ ਬਾਅਦ ਹੋ ਰਹੀ ਆ ਹਨ, ਪੁਰਾਣੇ ਕੌਂਸਲਰਾਂ ਵੱਲੋਂ ਇਲਾਕੇ ਦੇ ਵਿੱਚ ਹੁਣ ਬਹੁਤੀ ਤਵੱਜੋ ਨਹੀਂ ਦਿੱਤੀ ਜਾ ਰਹੀ ਸੀ। ਇਸ ਕਰਕੇ ਹੁਣ ਕਈ ਮੁੱਦੇ ਅਜਿਹੇ ਹਨ, ਜਿਨ੍ਹਾਂ ਨੂੰ ਪੂਰਾ ਕਰਨਾ ਹੈ। ਉਹਨਾਂ ਕਿਹਾ ਕਿ ਸਭ ਤੋਂ ਵੱਡਾ ਮੁੱਦਾ ਬਾੜੇਵਾਲ ਦੇ ਪਿੰਡ ਦੇ ਸਰਕਾਰੀ ਸਕੂਲ ਦਾ ਹੈ ਜੋ ਕਿ ਦਸਵੀਂ ਤੱਕ ਹੈ, ਜਿੱਥੋਂ ਦੀਆਂ ਵਿਦਿਆਰਥਣਾਂ ਨੂੰ ਅੱਗੇ ਦੀ ਪੜਾਈ ਦੇ ਲਈ ਦੂਰ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੀ ਵੀ ਇਲਾਕੇ ਦੇ ਵਿੱਚ ਵੱਡੀ ਸਮੱਸਿਆ ਹੈ।