ਅੰਮ੍ਰਿਤਸਰ:ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਆਏ ਦਿਨ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਉੱਥੇ ਹੀ ਹੁਣ ਖਾਸ ਕਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੁਲਿਸ ਫੋਰਸ ਹਾਈ ਅਲਰਟ ਦੇ ਉੱਤੇ ਨਜ਼ਰ ਆ ਰਹੀ ਹੈ। ਬੀਤੇ ਦਿਨਾਂ ਦੌਰਾਨ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਅਤੇ ਐਸਐਸਪੀ ਅੰਮ੍ਰਿਤਸਰ ਦਿਹਾਂਤੀ ਚਰਨਜੀਤ ਸਿੰਘ ਵੱਲੋਂ ਜ਼ਿਲ੍ਹਾ ਪੁਲਿਸ ਫੋਰਸ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਦੇ ਵਿੱਚ ਲੋਕਾਂ ਦੇ ਨਾਲ-ਨਾਲ ਥਾਣਿਆ ਅਤੇ ਪੁਲਿਸ ਫੋਰਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ, ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਤੇ ਸ਼ੱਕੀ ਵਿਅਕਤੀਆਂ ਦੇ ਉੱਤੇ ਨਜ਼ਰ ਬਣਾ ਕੇ ਰੱਖਣਾ, ਪੁਲਿਸ ਮੁਲਾਜ਼ਮ ਡਿਊਟੀ ਦੌਰਾਨ ਵਰਦੀ ਦੇ ਵਿੱਚ ਦਿਖਾਈ ਦੇਣ, ਜ਼ਿਲ੍ਹੇ ਨੂੰ ਜੋੜਦੇ ਨਾਕਿਆਂ ਉੱਤੇ ਖਾਸ ਸੁਰੱਖਿਆ ਪ੍ਰਬੰਧ ਹੋਣਾ ਅਤੇ ਪੱਕੇ ਮੋਰਚਿਆਂ ਦੇ ਨਾਲ ਨਾਲ ਤੀਸਰੀ ਅੱਖ ਭਾਵ ਕੈਮਰੇ ਦਾ ਹਾਈਟੈਕ ਹੋਣਾ ਕਥਿਤ ਤੌਰ 'ਤੇ ਸਾਹਮਣੇ ਆਇਆ ਹੈ।
ਹਾਈਟੈਕ ਕੈਮਰੇ ਦਰੁਸਤ ਕਰਵਾਏ ਗਏ
ਜ਼ਿਕਰਯੋਗ ਹੈ ਕਿ ਇਹ ਤਸਵੀਰਾਂ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਦੇ ਉੱਤੇ ਬਿਆਸ ਦਰਿਆ ਨੇੜੇ ਬਣੇ ਹਾਈ ਟੈਕ ਪੁਲਿਸ ਨਾਕੇ ਦੀਆਂ ਹਨ ਜਿੱਥੋਂ ਕਿ ਅੰਮ੍ਰਿਤਸਰ ਦਿਹਾਤੀ ਦੀ ਸ਼ੁਰੂਆਤ ਹੁੰਦੀ ਹੈ ਅਤੇ ਇੱਥੋਂ ਕਰੀਬ 80 ਤੋਂ 100 ਕਿਲੋਮੀਟਰ ਅੰਮ੍ਰਿਤਸਰ ਜਿਲ੍ਹੇ ਦਾ ਘੇਰਾ ਸ਼ੁਰੂ ਹੁੰਦਾ ਹੈ। ਜ਼ਿਲ੍ਹੇ ਵਿੱਚ ਦਾਖਿਲ ਹੋਣ ਵਾਲੇ ਹਰ ਇੱਕ ਵਾਹਨ ਦੇ ਉੱਤੇ ਇਸ ਜਗ੍ਹਾ ਤੋਂ ਤਿੱਖੀ ਨਜ਼ਰ ਰੱਖੀ ਜਾਂਦੀ ਹੈ ਜਾਂ ਫਿਰ ਰੱਖੀ ਜਾ ਸਕਦੀ ਹੈ। ਇਸ ਦੇ ਨਾਲ ਹੀ ਹੁਣ ਆਰਜੀ ਤੌਰ ਦੇ ਉੱਤੇ ਦਿਖਾਈ ਦੇਣ ਵਾਲੇ ਇਸ ਨਾਕੇ ਉੱਤੇ ਪੁਲਿਸ ਵਿਭਾਗ ਵੱਲੋਂ ਜਿੱਥੇ ਹਾਈਟੈਕ ਕੈਮਰੇ ਦਰੁਸਤ ਕਰਵਾਏ ਗਏ ਹਨ। ਉੱਥੇ ਹੀ ਇਸ ਹਾਈਟੈਕ ਨਾਕੇ ਉੱਤੇ ਪੱਕੇ ਮੋਰਚੇ ਵੀ ਬਣਾਏ ਗਏ ਹਨ।। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਿਆਸ ਹਾਈਟੈਕ ਨਾਕੇ ਨੇੜੇ ਬਣੇ ਮੋਰਚੇ ਉੱਤੇ ਪੁਲਿਸ ਜਵਾਨ ਹੁਣ ਮੁਸਤੈਦੀ ਨਾਲ ਖੜੇ ਹੋਏ ਨਜ਼ਰ ਆ ਰਹੇ ਹਨ ਅਤੇ ਇਸ ਦੇ ਨਾਲ ਹੀ ਪੁਲਿਸ ਦੇ ਵਾਹਨ ਵਿੱਚ ਬੈਠੇ ਮੁਲਾਜ਼ਮ ਵੀ ਇਸ ਜਗ੍ਹਾ ਉੱਤੇ ਖਾਸ ਨਜ਼ਰ ਬਣਾਏ ਹੋਏ ਨਜ਼ਰ ਆ ਰਹੇ ਹਨ।
ਚੋਰੀ ਅਤੇ ਲੁੱਟ ਖੋਹ ਦੀਆਂ ਅਨੇਕਾਂ ਘਟਨਾਵਾਂ
ਇਹ ਤਸਵੀਰਾਂ ਥਾਣਾ ਬਿਆਸ ਨੂੰ ਜਾਂਦੇ ਰਾਹ ਦੀਆਂ ਹਨ। ਜਿੱਥੇ ਕਿ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧਾਂ ਦੇ ਮੱਦੇ ਨਜ਼ਰ ਦੋ ਲੇਅਰ ਦੀ ਬੈਰੀਗੇਡਿੰਗ ਕੀਤੀ ਗਈ ਹੈ, ਹਾਲਾਂਕਿ ਇਸ ਖਾਸ ਸੁਰੱਖਿਆ ਪ੍ਰਬੰਧਾਂ ਬਾਰੇ ਜਦ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਮਜੀਠਾ ਮਾਮਲੇ ਦੀ ਵਾਂਗ ਇੱਥੇ ਵੀ ਕਿਹਾ ਗਿਆ ਕਿ ਸੜਕ ਉੱਤੇ ਲੁੱਕ ਪੈਣ ਕਾਰਨ ਇਹ ਬੈਰੀਕੇਡਿੰਗ ਕਰਕੇ ਰਾਹ ਬੰਦ ਕੀਤਾ ਗਿਆ ਹੈ ਅਤੇ ਹੋਰ ਕੋਈ ਖਾਸ ਸੁਰੱਖਿਆ ਕਾਰਨ ਨਹੀਂ ਹੈ। ਇਹ ਖਾਲੀ ਪਏ ਵੇਹੜੇ ਅਤੇ ਦਰਵਾਜ਼ੇ ਨੂੰ ਲੱਗੇ ਤਾਲੇ ਦੀਆਂ ਤਸਵੀਰਾਂ ਪੁਲਿਸ ਚੌਂਕੀ ਸਠਿਆਲਾ ਦੀਆਂ ਹਨ ਜੋ ਕਿ ਥਾਣਾ ਬਿਆਸ ਦੇ ਅਧੀਨ ਪੈਂਦੀ ਹੈ। ਜਿਸ ਨੂੰ ਹੁਣ ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਦੇ ਆਦੇਸ਼ਾਂ ਤੋਂ ਬਾਅਦ ਫਿਲਹਾਲ ਆਰਜੀ ਤੌਰ 'ਤੇ ਜਿੰਦਰਾ ਲਾ ਦਿੱਤਾ ਗਿਆ ਹੈ। ਜਿਸ ਉੱਤੇ ਪਿੰਡ ਵਾਸੀਆਂ ਵੱਲੋਂ ਰੋਸ ਦਾ ਪ੍ਰਗਟਾਵਾ ਕਰਦੇ ਹੋਏ ਇਹ ਕਿਹਾ ਗਿਆ ਹੈ ਕਿ ਪਹਿਲਾਂ ਹੀ ਇਲਾਕੇ ਵਿੱਚ ਚੋਰੀ ਅਤੇ ਲੁੱਟ ਖੋਹ ਦੀਆਂ ਅਨੇਕਾਂ ਘਟਨਾਵਾਂ ਵਾਪਰ ਰਹੀਆਂ ਹਨ। ਪਰ ਪੁਲਿਸ ਵੱਲੋਂ ਸਠਿਆਲਾ ਦੇ ਵਿੱਚੋਂ ਚੌਂਕੀ ਚੁੱਕੇ ਜਾਣ ਤੋਂ ਬਾਅਦ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਹੋਰ ਬੁਲੰਦ ਹੋ ਜਾਣਗੇ।