ਪੰਜਾਬ

punjab

ETV Bharat / state

ਗਣਤੰਤਰ ਦਿਵਸ ਮੌਕੇ ਰਾਜਧਾਨੀ 'ਚ ਦਿਸੀ ਪੰਜਾਬ ਦੀ ਝਾਕੀ, ਬਾਬਾ ਸ਼ੇਖ ਫ਼ਰੀਦ ਜੀ ਨੂੰ ਕੀਤੀ ਸਮਰਪਿਤ - PUNJAB TABLEAU

ਗਣਤੰਤਰ ਦਿਵਸ ਦੀ ਪਰੇਡ ਮੌਕੇ ਪੰਜਾਬ ਦੀ ਝਾਕੀ ਪੇਸ਼ ਕੀਤੀ ਗਈ, ਜਿਸ 'ਚ ਪੰਜਾਬ ਦਾ ਰੰਗ ਪੇਸ਼ ਕੀਤਾ ਗਿਆ।

ਪੰਜਾਬ ਦੀ ਝਾਕੀ
ਪੰਜਾਬ ਦੀ ਝਾਕੀ (Etv Bharat)

By ETV Bharat Punjabi Team

Published : Jan 26, 2025, 2:07 PM IST

ਚੰਡੀਗੜ੍ਹ: ਅੱਜ ਭਾਰਤ ਆਪਣਾ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਗਣਤੰਤਰ ਦਿਵਸ ਦਾ ਮੁੱਖ ਆਕਰਸ਼ਣ ਇਸ ਵਿੱਚ ਆਯੋਜਿਤ ਪਰੇਡ ਹੈ। ਇਸ ਪਰੇਡ ਦੌਰਾਨ ਪੰਜਾਬ ਦੀ ਝਾਕੀ ਪੇਸ਼ ਕੀਤੀ ਗਈ। ਪੰਜਾਬ ਦੀ ਝਾਕੀ ਕਰੀਬ 2 ਸਾਲ ਤੋਂ ਬਾਅਦ ਪਰੇਡ ਵਿੱਚ ਦਿਖਾਈ ਗਈ ਹੈ। ਇਸ ਝਾਕੀ 'ਚ ਪੰਜਾਬ ਦੀ ਖੇਤੀ ਤੋਂ ਲੈ ਕੇ ਫੁਲਕਾਰੀ ਤੱਕ, ਹਰ ਚੀਜ਼ ਨੂੰ ਜਗ੍ਹਾ ਦਿੱਤੀ ਗਈ। ਇਸ ਵਾਰ ਦੀ ਝਾਕੀ ਬਾਬਾ ਸ਼ੇਖ ਫ਼ਰੀਦ ਜੀ ਨੂੰ ਸਮਰਪਿਤ ਸੀ। ਇਸ ਦੇ ਨਾਲ ਹੀ ਪੇਂਡੂ ਪੰਜਾਬ ਦੀ ਝਲਕ ਵੀ ਦਿੱਤੀ ਗਈ। ਇਹ ਝਾਕੀ ਲੱਗਭਗ 21 ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਤਿਆਰ ਕੀਤੀ ਗਈ ਸੀ।

ਪੰਜਾਬ ਦੇ ਵਿਰਸੇ ਨੂੰ ਪੇਸ਼ ਕਰਦੀ ਝਾਕੀ

ਕਾਬਿਲੇਗੌਰ ਹੈ ਕਿ ਜਦੋਂ ਪੰਜਾਬ ਦੀ ਝਾਕੀ ਦਿੱਲੀ ਵਿੱਚ ਪੇਸ਼ ਕੀਤੀ ਗਈ ਤਾਂ ਦਰਸ਼ਕ ਗੈਲਰੀ ਵਿੱਚ ਮੌਜੂਦ ਹਜ਼ਾਰਾਂ ਲੋਕਾਂ ਨੇ ਇਸ ਸੂਬੇ ਦੀ ਵਿਭਿੰਨਤਾ ਨੂੰ ਦੇਖਿਆ। ਝਾਕੀ ਦਾ ਪਹਿਲਾ ਹਿੱਸਾ ਖੇਤੀਬਾੜੀ ਨੂੰ ਸਮਰਪਿਤ ਸੀ ਜਿਸ ਵਿੱਚ ਬਲਦਾਂ ਦੀ ਜੋੜੀ ਦੀ ਮਦਦ ਨਾਲ ਖੇਤੀ ਕੀਤੀ ਜਾ ਰਹੀ ਸੀ। ਪੰਜਾਬ ਇੱਕ ਖੇਤੀਬਾੜੀ-ਅਧਾਰਤ ਸੂਬਾ ਹੈ, ਅਜਿਹੇ ਵਿੱਚ ਪਹਿਲੇ ਹਿੱਸੇ ਵਿੱਚ ਹਲ ਚਲਾਉਂਦੇ ਹੋਏ ਬਲਦਾਂ ਦੀ ਇੱਕ ਜੋੜੀ, ਜੋ ਕਿ ਇਸ ਗੱਲ ਦਾ ਪ੍ਰਤੀਕ ਹੈ ਕਿ ਦੇਸ਼ ਨੂੰ ਅਨਾਜ ਦੇ ਖੇਤਰ ਵਿੱਚ ਆਤਮ-ਨਿਰਭਰ ਬਣਾਉਣ ਵਿੱਚ ਪੰਜਾਬ ਦਾ ਮਹੱਤਵਪੂਰਨ ਯੋਗਦਾਨ ਹੈ।

ਚਾਰ ਭਾਗਾਂ 'ਚ ਪੇਸ਼ ਕੀਤੀ ਗਈ ਸੀ ਝਾਕੀ

ਇਸ ਝਾਕੀ ਦੇ ਦੂਜੇ ਭਾਗ ਵਿੱਚ ਕਲਾਕਾਰਾਂ ਨੂੰ ਪੰਜਾਬੀ ਲੋਕ ਸੰਗੀਤ ਤੇ ਰਵਾਇਤੀ ਸੰਗੀਤ ਯੰਤਰਾਂ ਨਾਲ ਦੇਖਿਆ ਗਿਆ। ਦੱਸ ਦਈਏ ਕਿ ਪੰਜਾਬ ਦਾ ਲੋਕ ਸੰਗੀਤ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਲੋਕ ਸੰਗੀਤ ਦੇ ਇੱਕ ਦ੍ਰਿਸ਼ ਨੂੰ ਰਵਾਇਤੀ ਪਹਿਰਾਵੇ ਵਿੱਚ ਦਰਸਾਇਆ ਗਿਆ ਹੈ। ਇਸ ਵਿੱਚ ਕਲਾਕਾਰਾਂ ਨੂੰ ਪੰਜਾਬ ਦੇ ਪੁਰਾਣੇ ਸੰਗੀਤ ਸਾਜ਼ਾਂ ਨਾਲ ਦਿਖਾਇਆ ਗਿਆ ਹੈ।

ਬਾਬਾ ਸ਼ੇਖ ਫ਼ਰੀਦ ਜੀ ਨੂੰ ਸਮਰਪਿਤ ਝਾਕੀ

ਇਸ ਦਾ ਤੀਜਾ ਹਿੱਸਾ ਫੁਲਕਾਰੀ ਕਢਾਈ ਨੂੰ ਸਮਰਪਿਤ ਸੀ, ਜਿਸ ਵਿੱਚ ਇੱਕ ਪੰਜਾਬੀ ਕੁੜੀ ਘਰ ਦੇ ਬਾਹਰ ਕਢਾਈ ਕੱਢ ਰਹੀ ਹੈ। ਇਹ ਪੰਜਾਬ ਦੀ ਪ੍ਰਾਚੀਨ ਵਿਰਾਸਤ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਹੀ ਝਾਕੀ ਦੇ ਚੌਥੇ ਹਿੱਸੇ ਵਿੱਚ ਪੰਜਾਬ ਦੇ ਪਹਿਲੇ ਪੰਜਾਬੀ ਕਵੀ ਬਾਬਾ ਸ਼ੇਖ ਫ਼ਰੀਦ ਜੀ ਨੂੰ ਦਰਸਾਇਆ ਗਿਆ ਹੈ। ਉਨ੍ਹਾਂ ਦੀ ਬਦੌਲਤ ਹੀ ਪੰਜਾਬੀ ਸਾਹਿਤ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਇਸ ਦੇ ਨਾਲ ਹੀ ਟਰੈਕਟਰ ਦੇ ਹਿੱਸੇ ‘ਤੇ ਪੰਜਾਬ ਦੀਆਂ ਔਰਤਾਂ ਦੁਆਰਾ ਘਰੇਲੂ ਬਣੇ ਮੈਟ ਪ੍ਰਦਰਸ਼ਿਤ ਕੀਤੇ ਗਏ ਸਨ। ਇਸ ਤੋਂ ਇਲਾਵਾ ਫੁਲਕਾਰੀ ਦੇ ਦ੍ਰਿਸ਼ ਵੀ ਹਨ।

ਦੋ ਸਾਲ ਨਹੀਂ ਕੀਤੀ ਸੀ ਝਾਕੀ ਸ਼ਾਮਲ

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਸਾਲ 2022 ਵਿੱਚ ਪੰਜਾਬ ਦੀ ਝਾਕੀ ਗਣਤੰਤਰ ਦਿਵਸ ਮੌਕੇ ਦੇਖੀ ਗਈ ਸੀ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਲ 2023 ਅਤੇ 2024 ਵਿੱਚ ਝਾਂਕੀ ਨੂੰ ਜਗ੍ਹਾ ਨਾ ਮਿਲਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਜਿਸ 'ਚ ਉਨ੍ਹਾਂ ਦਾ ਕੇਂਦਰ ਖਿਲਾਫ਼ ਗੁੱਸਾ ਵੀ ਨਿਕਲਿਆ ਸੀ। ਕਾਬਿਲੇਗੌਰ ਹੈ ਕਿ ਇਸ ਸਾਲ ਪੰਜਾਬ ਦੀ ਝਾਕੀ ਪੇਸ਼ ਕੀਤੀ ਗਈ, ਜਿਸ 'ਚ ਕਲਾਕਾਰਾਂ ਦੀ ਮਿਹਨਤ ਰੰਗ ਲਿਆਈ ਹੈ।

ਕੌਣ ਹਨ ਬਾਬਾ ਸ਼ੇਖ ਫ਼ਰੀਦ ?

ਬਾਬਾ ਸ਼ੇਖ ਫ਼ਰੀਦ ਪੰਜਾਬ ਦੇ ਪਹਿਲੇ ਕਵੀ ਸਨ, ਜਿੰਨ੍ਹਾਂ ਨੇ ਪੰਜਾਬ ਦੇ ਸਾਹਿਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਦਾ ਜਨਮ 1173 ਵਿੱਚ ਕੋਠਵਾਲ ਪਿੰਡ ਵਿੱਚ ਹੋਇਆ ਸੀ, ਜੋ ਕਿ ਹੁਣ ਪਾਕਿਸਤਾਨ ਦਾ ਹਿੱਸਾ ਹੈ। ਉਨ੍ਹਾਂ ਦੀਆਂ ਰਚਨਾਵਾਂ ਦਾ ਸੁਭਾਅ ਸੂਫ਼ੀ ਹੈ। ਇਸ ਸੂਫ਼ੀ ਸ਼ੈਲੀ ਦੇ ਕਾਰਨ ਉਨ੍ਹਾਂ ਦੀਆਂ ਲਿਖਤਾਂ ਨੂੰ ਦੇਸ਼ ਵਿੱਚ ਪ੍ਰਸਿੱਧੀ ਮਿਲੀ। ਉਨ੍ਹਾਂ ਦੀ ਪ੍ਰਸਿੱਧੀ ਇੰਨੀ ਸੀ ਕਿ ਪੰਜਾਬ ਦੇ ਇੱਕ ਸ਼ਹਿਰ (ਫਰੀਦਕੋਟ) ਦਾ ਨਾਮ ਉਨ੍ਹਾਂ ਦੇ ਨਾਮ 'ਤੇ ਰੱਖਿਆ ਗਿਆ ਸੀ। ਬਾਬਾ ਫ਼ਰੀਦ ਨੇ ਇੱਕ ਦਾਰਸ਼ਨਿਕ ਅਤੇ ਸੰਤ ਵਜੋਂ ਵੀ ਪ੍ਰਸਿੱਧੀ ਪ੍ਰਾਪਤ ਕੀਤੀ ਹੈ।

ABOUT THE AUTHOR

...view details