ਲੁਧਿਆਣਾ:ਸੂਬੇ ਭਰ 'ਚ ਮੁੜ ਤੋਂ ਠੰਢ ਵੱਧ ਗਈ ਹੈ। ਆਉਂਦੇ 2 ਦਿਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਵਾਨਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੱਛਮੀ ਚੱਕਰਵਾਤ ਦੇ ਚੱਲਦਿਆਂ ਮੌਸਮ ਬਦਲਿਆ ਹੈ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਫ਼ਰਵਰੀ ਮਹੀਨੇ ਵਿੱਚ 1970 ਤੋਂ ਬਾਅਦ ਪਹਿਲੀ ਵਾਰ ਰਾਤ ਦਾ ਪਾਰਾ ਇੰਨਾਂ ਵੱਧ ਦਰਦ ਕੀਤਾ ਗਿਆ ਹੈ।
ਕੱਲ੍ਹ (ਬੁੱਧਵਾਰ) ਦਿਨ ਦਾ ਪਾਰਾ 27 ਡਿਗਰੀ ਸੈਂਟੀਗ੍ਰੇਡ ਦੇ ਨੇੜੇ ਰਿਹਾ, ਜੋ ਕਿ ਆਮ ਨਾਲੋਂ 4 ਡਿਗਰੀ ਜਿਆਦਾ ਸੀ। ਇਸੇ ਤਰ੍ਹਾਂ ਰਾਤ ਦਾ ਪਾਰਾ 18 ਡਿਗਰੀ ਰਿਕਾਰਡ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ 8 ਡਿਗਰੀ ਜਿਆਦਾ ਹੈ। ਇਸ ਨੇ 55 ਸਾਲ ਦਾ ਰਿਕਾਰਡ ਤੋੜਿਆ ਹੈ। ਪਹਿਲਾਂ ਕਦੇ ਵੀ ਫ਼ਰਵਰੀ ਵਿੱਚ ਇੰਨਾਂ ਤਾਪਮਾਨ ਨਹੀਂ ਰਿਹਾ।
ਮੀਂਹ ਤੇ ਗੜ੍ਹੇਮਾਰੀ ਦਾ ਅਲਰਟ
ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ 1970 ਤੋਂ ਬਾਅਦ ਅੱਜ ਤਾਪਮਾਨ ਇੰਨਾਂ ਵੱਧ ਰਿਕਾਰਡ ਕੀਤਾ ਹੈ ਜੋ ਕਿ ਇੱਕ ਰਿਕਾਰਡ ਹੈ। ਫਿਲਹਾਲ ਪੱਛਮੀ ਚੱਕਰਵਾਤ ਦੇ ਚੱਲਦਿਆਂ ਬੱਦਲਵਾਈ ਅਤੇ ਕਿਤੇ ਕਿਤੇ ਹਲਕੀ ਬਾਰਿਸ਼ ਹੋ ਰਹੀ ਹੈ। ਜਿਸ ਕਾਰਨ ਆਉਂਦੇ 24 ਘੰਟਿਆਂ ਵਿੱਚ ਤਾਪਮਾਨ ਵਿੱਚ ਤਬਦੀਲੀ ਵੇਖਣ ਨੂੰ ਮਿਲੇਗੀ। ਪਵਨੀਤ ਕਿੰਗਰਾ ਨੇ ਕਿਹਾ ਕਿ ਕਈ ਇਲਾਕਿਆਂ ਵਿੱਚ ਗੜ੍ਹੇਮਾਰੀ ਵੀ ਹੋ ਸਕਦੀ ਹੈ। ਤੇਜ਼ ਹਵਾਵਾਂ ਨਾਲ ਮੀਂਹ ਵੀ ਪੈ ਸਕਦਾ ਹੈ।