ਅੰਮ੍ਰਿਤਾ ਵੜਿੰਗ ਦੇ ਵਿਗੜੇ ਬੋਲਾਂ ਤੋਂ ਭਖਿਆ ਮੁੱਦਾ ਅੰਮ੍ਰਿਤਸਰ:ਬਿਤੇ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨਰਾਜਾ ਵੜਿੰਗਦੀ ਪਤਨੀ ਅੰਮ੍ਰਿਤਾ ਵੜਿੰਗਬਠਿੰਡਾ ਦੇ ਬਾਬਾ ਦੀਪ ਸਿੰਘ ਨਗਰ ਵਿਖੇ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਵੋਟ ਮੰਗਣ ਪੁੱਜੇ ਜਿਥੇ ਉਹਨਾਂ ਵੱਲੋਂ ਆਪਣੀ ਸਪੀਚ ਦੌਰਾਨ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਪੰਜੇ ਦੀ ਤੁਲਨਾ ਗੁਰੂ ਨਾਨਕ ਦੇਵ ਜੀ ਅਤੇ ਹੋਰਨਾਂ ਗੁਰੂਆਂ ਦੇ ਨਾਲ ਕੀਤੀ ਗਈ। ਇਸ ਦੋਰਾਨ ਵਰਤੇ ਗਏ ਸ਼ਬਦਾਂ ਦੀ ਨਿੰਦਾ ਹਰ ਪਾਸੇ ਹੋ ਰਹੀ ਹੈ। ਉਥੇ ਹੀ ਹੁਣ ਇਸ ਬਿਆਨ 'ਤੇ ਐਸਜੀਪੀਸੀ ਨੇ ਵੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਅੰਮ੍ਰਿਤਾ ਵੜਿੰਗ ਦਾ ਬਿਆਨ ਨਿੰਦਨਯੋਗ : ਇਸ ਸਬੰਧੀ ਇੱਕ ਵੀਡੀਓ ਮੈਸੇਜ ਜਾਰੀ ਕਰਦੇ ਹੋਏ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਅੰਮ੍ਰਿਤਾ ਵੜਿੰਗ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਕਿਓਂਕਿ ਅੰਮ੍ਰਿਤਾ ਵੜਿੰਗ ਵੱਲੋਂ ਦਿੱਤੇ ਬਿਆਨ 'ਤੇ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ ਤੇ ਇਲੈਕਸ਼ਨ ਕਮੀਸ਼ਨ ਵੀ ਸਖ਼ਤ ਕਾਰਵਾਈ ਕਰੇ। ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਔਰਤ ਜਾਤੀ ਨੂੰ ਵੱਡਾ ਸਨਮਾਨ ਅਤੇ ਸਤਿਕਾਰ ਦਿੱਤਾ, ਹਰ ਸਿੱਖ ਉਹਨਾਂ ਦੇ ਦਿੱਤੇ ਸਿਧਾਂਤਾਂ 'ਤੇ ਚਲਦਿਆਂ ਪਹਿਰਾ ਦਿੰਦਾ ਹੈ। ਉਹਨਾਂ ਕਿਹਾ ਕਿ ਮੇਰੀ ਬਹੁਤ ਸਤਿਕਾਰਯੋਗ ਭੈਣ ਅੰਮ੍ਰਿਤਾ ਵੜਿੰਗ ਇੱਕ ਵੱਡੇ ਪਰਿਵਾਰ ਦੇ ਨਾਲ ਸੰਬੰਧਿਤ ਹੈ। ਉਸ ਵੱਲੋਂ ਗੁਰੂ ਨਾਨਕ ਦੇਵ ਜੀ ਦਾ ਨਾਮ ਲੈਕੇ ਪਾਰਟੀ ਪਰਚਾਰ ਕਰਨਾ ਬੇਹੱਦ ਨਿੰਦਨਯੋਗ ਹੈ।
ਕਾਂਗਰਸ ਦੇ ਖੂਨੀ ਪੰਜੇ ਨਾਲ ਤੁਲਨਾਂ ਬਰਦਾਸ਼ਤ ਨਹੀਂ : ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਅੰਮ੍ਰਿਤਾ ਵੜਿੰਗ ਜੀ ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਇਸ ਗੱਲ ਨੂੰ ਅਣਜਾਣਪੁਣੇ ਵਿੱਚ ਕਰ ਰਹੇ ਹੋ ਮੈਨੂੰ ਇਸ ਗੱਲ 'ਤੇ ਵਿਸ਼ਵਾਸ ਨਹੀਂ ਆਉਂਦਾ। ਤੁਸੀਂ ਸਾਰੀ ਗੱਲ ਸਮਝਦਿਆਂ ਹੋਇਆ ਵੀ ਬਹੁਤ ਵੱਡੀ ਭੁੱਲ ਕੀਤੀ ਹੈ ਤੇ ਇੱਕ ਧਾਰਮਿਕ ਅਵਗਿਆ ਕੀਤੀ ਹੈ। ਉਹਨਾਂ ਕਿਹਾ ਕਿ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਤੁਹਾਡੇ ਪੰਜੇ ਅਤੇ ਗੁਰੂਆਂ ਦੇ ਆਸ਼ੀਰਵਾਦ ਦੇ ਪੰਜੇ ਦੇ ਨਾਲ ਤੁਸੀਂ ਤੁਲਨਾਂ ਕਰ ਰਹੇ ਹੋ ਇਹ ਬਰਦਾਸ਼ਤ ਨਹੀਂ ਹੈ। ਕਿਉਂਕਿ ਤੁਹਾਡੇ ਕਾਂਗਰਸ ਦੇ ਪੰਜੇ ਦਾ ਇਤਿਹਾਸ ਹਜ਼ਾਰਾਂ ਸਿੱਖਾਂ ਦੇ ਖੂਨ ਨਾਲ ਜੁੜਿਆ ਹੈ। ਇਹ ਖੂਨੀ ਪੰਜਾ ਇੰਦਰਾ ਗਾਂਧੀ ਦੇ ਇਸ਼ਾਰੇ 'ਤੇ ਪਵਿੱਤਰ ਗੁਰੂ ਨਗਰੀ ਸ੍ਰੀ ਦਰਬਾਰ ਸਾਹਿਬ 'ਤੇ ਚੱਲੇ ਟੈਂਕਾਂ ਤੋਪਾਂ ਦੀ ਗਵਾਹੀ ਦਿੰਦਾ ਹੈ। ਇਸ ਪੰਜੇ ਦੇ ਆਰਡਰ ਦੇ ਚੱਲਦੇ ਦੇਸ਼ ਦੀਆਂ ਫੌਜਾਂ ਟੈਂਕ 'ਤੇ ਤੋਪ ਉਸ ਮੁਕੱਦਸ ਸਥਾਨ 'ਤੇ ਚੜ੍ਹਾਏ ਸਨ। ਜਿਥੇ ਕਤਲੇਆਮ ਹੋਏ। ਇਸ ਲਈ ਤੁਸੀਂ ਗੁਰੂ ਸਾਹਿਬ ਨਾਲ ਤੁਲਨਾਂ ਕਰਕੇ ਬਹੁਤ ਵੱਡੀ ਗਲਤੀ ਕੀਤੀ ਹੈ।
ਇਲੈਕਸ਼ਨ ਕਮਿਸ਼ਨ ਲਵੇ ਐਕਸ਼ਨ :ਉਹਨਾਂ ਕਿਹਾ ਕਿ ਅੰਮ੍ਰਿਤਾ ਵੜਿੰਗ ਤੁਰੰਤ ਸਿੱਖ ਕੌਮ ਤੋਂ ਇਸ ਗੱਲ ਲਈ ਮੁਆਫੀ ਮੰਗਣ ਤੇ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਇਸ ਗੱਲ ਲਈ ਅਪੀਲ ਵੀ ਕਰਦੇ ਹਾਂ ਕਿ ਉਹ ਇਸ ਸਬੰਧੀ ਇੱਕ ਸਖਤ ਫੈਸਲਾ ਲਵੇ ਤਾਂ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਨਾ ਕੀਤਾ ਜਾਵੇ। ਨਾਲ ਹੀ ਉਹਨਾਂ ਕਿਹਾ ਕਿ ਸਾਰੀ ਕਾਂਗਰਸ ਪਾਰਟੀ ਇਸ ਗੱਲ ਲਈ ਆਪਣੇ ਆਪ ਨੂੰ ਇਖਲਾਕੀ ਤੌਰ 'ਤੇ ਹੋਈ ਗਲਤੀ ਦੀ ਮੁਆਫੀ ਮੰਗੇ ਅਤੇ ਅੰਮ੍ਰਿਤਾ ਵੜਿੰਗ ਆਪਣੇ ਬੋਲੇ ਹੋਏ ਸ਼ਬਦਾਂ ਨੂੰ ਤੁਰੰਤ ਵਾਪਸ ਲਓ ਕਿਉਂਕਿ ਤੁਸੀਂ ਇਹ ਬਹੁਤ ਵੱਡਾ ਗੁਨਾਹ ਕਰ ਰਹੇ ਹੋ।