ਖੰਨਾ : ਬੀਤੀ 11 ਜੂਨ ਨੂੰ ਖੰਨਾ ਨੇੜਲੇ ਪਿੰਡ ਬਗਲੀ ਕਲਾਂ 'ਚ ਦਿਨ-ਦਿਹਾੜੇ ਪੰਜਾਬ ਐਂਡ ਸਿੰਧ ਬੈਂਕ 'ਚ 15 ਲੱਖ 92 ਹਜ਼ਾਰ ਰੁਪਏ ਦਾ ਡਾਕਾ ਮਾਰਨ ਵਾਲਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਿਸ 48 ਘੰਟਿਆਂ ਦੇ ਅੰਦਰ ਇਸ ਮਾਮਲੇ ਨੂੰ ਟਰੇਸ ਕਰਨ ਵਿੱਚ ਕਾਮਯਾਬ ਹੋਈ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਰਿਆੜ, ਜਗਦੀਸ਼ ਸਿੰਘ ਗੁਲਾਬਾ ਵਾਸੀ ਸਰਾਏ ਅਤੇ ਗੁਰਮੀਨ ਸਿੰਘ ਨੋਨਾ ਵਾਸੀ ਕੋਟਲੀ ਕੋਰਟਾਨਾ ਵਜੋਂ ਹੋਈ ਹੈ। ਤਿੰਨੋਂ ਅੰਮ੍ਰਿਤਸਰ ਦੇ ਅਜਨਾਲਾ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਵਸਨੀਕ ਹਨ ਅਤੇ ਇਨ੍ਹਾਂ ਦੀ ਉਮਰ 20 ਤੋਂ 27 ਸਾਲ ਦਰਮਿਆਨ ਹੈ।
ਮਹਿਜ਼ ਅੱਧਾ ਘੰਟਾ ਪਲਾਨ ਕਰਕੇ ਕੀਤੀ ਵਾਰਦਾਤ : ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਇੰਨੇ ਸ਼ਾਤਿਰ ਹਨ ਕਿ ਉਨ੍ਹਾਂ ਨੇ ਘਟਨਾ ਵਾਲੇ ਦਿਨ ਸਿਰਫ਼ ਅੱਧਾ ਘੰਟਾ ਰੇਕੀ ਕੀਤੀ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਇਹਨਾਂ ਤਿੰਨਾਂ ਨੇ ਪਹਿਲਾਂ ਜਲੰਧਰ ਦੇ ਆਦਮਪੁਰ ਅਤੇ ਫਿਲੌਰ ਵਿੱਚ ਪੈਟਰੋਲ ਪੰਪ ਲੁੱਟਣ ਸਮੇਤ ਹੋਰ ਵਾਰਦਾਤਾਂ ਕੀਤੀਆਂ ਸਨ। 11 ਜੂਨ ਨੂੰ ਤਿੰਨਾਂ ਨੇ ਵੱਡੀ ਲੁੱਟ ਦੀ ਯੋਜਨਾ ਬਣਾਈ ਸੀ। ਜਿਸ ਲਈ ਉਹ ਬਾਈਕ 'ਤੇ ਖੰਨਾ ਇਲਾਕੇ 'ਚ ਆਏ ਸੀ। ਉਹਨਾਂ ਨੇ ਬਗਲੀ ਕਲਾਂ ਪਿੰਡ ਵਿੱਚ ਬੈਂਕ ਦੇਖਿਆ। ਪਿੰਡ ਵਿੱਚ ਸੁਰੱਖਿਆ ਨਾ ਹੋਣ ਕਾਰਨ ਇਸ ਬੈਂਕ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਅੱਧਾ ਘੰਟਾ ਪਹਿਲਾਂ ਰੇਕੀ ਕੀਤੀ ਸੀ। ਦੁਪਹਿਰ ਦੇ ਖਾਣੇ ਦੇ ਸਮੇਂ ਤਿੰਨੋਂ ਬੈਂਕ ਅੰਦਰ ਦਾਖਲ ਹੋਏ ਅਤੇ 15 ਲੱਖ 92 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਜਿਸ ਮੋਟਰਸਾਈਕਲ 'ਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਉਹ ਨਸ਼ੇ ਦੇ ਆਦੀ ਵਿਅਕਤੀ ਤੋਂ 5,000 ਰੁਪਏ 'ਚ ਖਰੀਦਿਆ ਸੀ ਜੋ ਕਿ ਚੋਰੀ ਦਾ ਨਿਕਲਿਆ।