ਲੁਧਿਆਣਾ:ਵਿਧਾਨ ਸਭਾ ਸੈਸ਼ਨ ਦੇ ਦੌਰਾਨ ਲੁਧਿਆਣਾ ਦੇ ਹਲਕਾ ਸੈਂਟਰਲ ਤੋਂ ਵਿਧਾਇਕ ਅਸ਼ੋਕ ਪ੍ਰਾਸ਼ਰ ਨੇ ਪੰਜਾਬ ਦੇ ਡਿਪੋਰਟ ਕੀਤੇ 12 ਨੌਜਵਾਨਾਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਉਨ੍ਹਾਂ ਕਿਹਾ ਕਿ ਉਹ ਆਪਣੀ ਜੇਬ ਵਿੱਚੋਂ ਇਹ ਪੈਸੇ ਦੇਣਗੇ, ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਵਿਧਾਇਕ ਅਸ਼ੋਕ ਪਰਾਸ਼ਰ ਨੇ ਕਿਹਾ ਕਿ ਉਹ ਭਗਵਾਨ ਬਾਲਾ ਜੀ ਦੇ ਭਗਤ ਹਨ ਅਤੇ ਹਰ ਸਾਲ ਯਾਤਰਾ ਕੱਢਦੇ ਹਨ।
ਵਿਧਾਇਕ ਅਸ਼ੋਕ ਪਰਾਸ਼ਰ ਨੇ ਦੱਸਿਆ ਐਲਾਨ ਦਾ ਕਾਰਣ (ETV BHARAT) ਅਮਰੀਕਾ ਵਿੱਚੋਂ ਡਿਪੋਰਟ ਕੀਤੇ ਲੋਕਾਂ ਦੀ ਮਦਦ
ਅਸ਼ੋਕ ਪਰਾਸ਼ਰ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਨੇ ਫੈਸਲਾ ਲਿਆ ਹੈ ਕਿ ਉਹ ਯਾਤਰਾ ਨੂੰ ਆਮ ਤਰੀਕੇ ਨਾਲ ਕੱਢਣਗੇ ਅਤੇ ਯਾਤਰਾ ਉੱਪਰ ਖਰਚੇ ਜਾਣ ਵਾਲੇ ਪੈਸੇ ਉਨ੍ਹਾਂ ਪੀੜਤ ਨੌਜਵਾਨਾਂ ਨੂੰ ਦੇਣਗੇ ਜਿਨ੍ਹਾਂ ਨੂੰ ਵਿਦੇਸ਼ ਯਾਨੀ ਕਿ ਅਮਰੀਕਾ ਵਿੱਚੋਂ ਡਿਪੋਰਟ ਕੀਤਾ ਗਿਆ ਹੈ। ਵਿਧਾਇਕ ਮੁਤਾਬਿਕ ਉਨ੍ਹਾਂ ਨੂੰ ਇਹ ਰਾਹਤ ਰਾਸ਼ੀ ਦੇਣ ਦਾ ਸੁਝਾਹ ਉਦੋਂ ਦਿਸਿਆ ਜਦੋਂ ਉਨ੍ਹਾਂ ਨੂੰ ਇੱਕ ਡਿਪੋਰਟ ਕੀਤੇ ਨੌਜਵਾਨ ਨੇ ਦੱਸਿਆ ਕਿ ਉਸ ਨੇ 50 ਹਜ਼ਾਰ ਰੁਪਏ ਕਰਜ਼ੇ ਉੱਤੇ ਲੈਕੇ ਆਟੋ ਰਿਕਸ਼ਾ ਪਾਇਆ ਹੈ ਅਤੇ ਰੁਜ਼ਗਾਰ ਸ਼ੁਰੂ ਕੀਤਾ ਹੈ।
ਰਾਹਤ ਰਾਸ਼ੀ ਦੇਣ ਦਾ ਫੈਸਲਾ
ਐੱਮਐਲਏ ਅਸ਼ੋਕ ਪਰਾਸ਼ਰ ਨੇ ਕਿਹਾ ਕਿ, 'ਭਗਵਾਨ ਬਾਲਾ ਜੀ ਨੇ ਉਨ੍ਹਾਂ ਨੂੰ ਮੱਤ ਬਖਸ਼ੀ ਅਤੇ ਹੁਣ ਉਨ੍ਹਾਂ ਨੇ ਸੰਤਾਪ ਹਢਾ ਰਹੇ ਪਰਿਵਾਰਾਂ ਨੂੰ ਰਾਹਤ ਰਾਸ਼ੀ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੋ ਵੀ ਸਮਰੱਥ ਲੋਕ ਡਿਪੋਰਟ ਹੋਏ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਸਕਦੇ ਹਨ, ਉਹ ਸਰਕਾਰਾਂ ਦੇ ਮੂੰਹ ਵੱਲ ਨਾ ਦੇਖਣ ਆਪਣਾ ਫਰਜ਼ ਸਮਝ ਕੇ ਮਦਦ ਕਰਨ ਲਈ ਅੱਗੇ ਆਉਣ ਅਤੇ ਪੀੜਤਾਂ ਲਈ ਸਹਾਰਾ ਬਣਨ।'
ਲੋਕਾਂ ਨੂੰ ਅਪੀਲ
ਵਿਧਾਇਕ ਮੁਤਾਬਿਕ ਉਨ੍ਹਾਂ ਨੂੰ ਇੱਕ ਨੌਜਵਾਨ ਮਿਲਿਆ ਸੀ ਜਿਸ ਨੇ ਦੱਸਿਆ ਕਿ ਉਹ 1 ਲੱਖ ਦਾ ਆਟੋ ਲੈਕੇ ਚਲਾ ਰਿਹਾ ਹੈ ਅਤੇ ਆਪਣਾ ਗੁਜ਼ਾਰਾ ਕਰ ਰਿਹਾ ਹੈ। ਇਸ ਤੋਂ ਬਾਅਦ ਅਸ਼ੋਕ ਪਰਾਸ਼ਰ ਨੂੰ ਲੱਗਿਆ ਕਿ ਆਪਣੇ ਪੱਧਰ ਉੱਤੇ ਇਨ੍ਹਾਂ ਨੌਜਵਾਨਾਂ ਦੀ ਮਦਦ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ 3 ਕਰੋੜ ਪੰਜਾਬੀਆਂ ਨੂੰ ਅੱਜ ਉਨ੍ਹਾਂ ਨਾਲ ਖੜੇ ਹੋਣ ਦੀ ਲੋੜ ਹੈ ਜੋ ਡਿਪੋਰਟ ਹੋਏ ਹਨ। ਸਿਰਫ ਸਰਕਾਰ ਵੱਲ ਨਹੀਂ ਵੇਖਣਾ ਚਾਹੀਦਾ। ਆਪਣੇ ਪੱਧਰ ਉੱਤੇ ਲੋਕਾਂ ਨੂੰ ਅਜਿਹੇ ਨੌਜਵਾਨਾਂ ਦੀ ਮਦਦ ਕਰਨੀ ਚਾਹੀਦੀ ਹੈ।