ਸ੍ਰੀ ਅਨੰਦਪੁਰ ਸਾਹਿਬ: ਵਿਸਾਖੀ ਦਾ ਪਵਿੱਤਰ ਤਿਉਹਾਰ ਜੋ ਹਰ ਸਾਲ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦੀ ਇਤਿਹਾਸਕ ਮਹੱਤਤਾ ਕਾਫ਼ੀ ਦਿਲਚਸਪ ਹੈ। ਇਹ ਮੰਨਿਆ ਜਾਂਦਾ ਹੈ ਕਿ ਸਿੱਖਾਂ ਦੇ 10ਵੇਂ ਗੁਰੂ, ਗੁਰੂ ਗੋਬਿੰਦ ਸਿੰਘ ਨੇ ਇਸ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਦੇ ਦਿਨ ਖਾਲਸਾ ਪੰਥ ਸਾਜਨਾ ਦਿਵਸ ਮਨਾਇਆ ਜਾਂਦਾ ਹੈ।
ਇਤਿਹਾਸ:ਖਾਲਸੇ ਦੇ ਪ੍ਰਗਟ ਅਸਥਾਨ ਸ੍ਰੀ ਆਨੰਦਪੁਰ ਸਾਹਿਬ ਇਹ ਉਸ ਸਥਾਨ ਹੈ, ਜਿੱਥੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਅਤੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ ਤੇ ਸਿੰਘ ਸਜਾਇਆ ਸੀ। ਉਸੇ ਦਿਨ ਤੋਂ ਹੀ ਹਰ ਸਾਲ ਇਸ ਖਾਲਸਾ ਸਾਜਨਾ ਦਿਵਸ ਮਨਾਇਆ ਜਾਂਦਾ ਹੈ।
ਕਿਵੇਂ ਸਜਾਏ ਪੰਜ ਪਿਆਰੇ: ਵਿਸਾਖੀ ਵਾਲੇ ਦਿਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਈ. ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੀ ਸਭਾ ਬੁਲਾਈ ਜਿਸ ਵਿੱਚ ਸੰਗਤ ਨੂੰ ਵਧ-ਚੜ੍ਹ ਕੇ ਹਿੱਸਾ ਲੈਣ ਹੁਕਮ ਜਾਰੀ ਕੀਤਾ।
ਬੈਸਾਖੀ ਕੇ ਦਰਸ ਪੈ ਸਤਿਗੁਰ ਕਿਯੋ ਬਿਚਾਰ ।
ਕਿਯੋ ਪ੍ਰਗਟ ਤਬ ਖਾਲਸਾ ਚੂਕਯੋ ਸਰਬ ਜੰਜਾਲ। (ਸ੍ਰੀ ਗੁਰ ਸਭਾ)
ਵੱਖ-ਵੱਖ ਸੂਬਿਆਂ ਤੇ ਧਰਮਾਂ ਤੋਂ ਸੀਸ ਭੇਂਟ :ਫਿਰ ਇਸ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡਾ ਦੀਵਾਨ ਸੱਜਿਆ। ਕੀਰਤਨ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਿਰਪਾਨ ਮਿਆਨ ਚੋਂ ਕੱਢੀ ਤੇ ਗਰਜ ਕੇ ਕਿਹਾ ਕਿ ਕੋਈ ਹੈ ਜੋ ਗੁਰੂ ਸਾਹਿਬਾਨ ਦੇ ਆਸ਼ਿਆ, ਨਿਸ਼ਾਨਿਆਂ ਲਈ ਤਿਆਗ ਦੇਵੇ। ਇਹ ਸੁਣ ਕੇ ਸਭਾ ਵਿੱਚ ਸੰਨਾਟਾ ਛਾ ਗਿਆ। ਤੀਜੀ ਵਾਰ ਆਵਾਜ਼ ਦੇਣ ਉੱਤੇ ਲਾਹੌਰ ਦੇ ਭਾਈ ਦਿਆ ਰਾਮ ਨੇ ਸੀਸ ਭੇਂਟ ਕੀਤਾ। ਗੁਰੂ ਜੀ ਉਨ੍ਹਾਂ ਨੂੰ ਆਪਣੇ ਨਾਲ ਤੰਬੂ ਵਿੱਚ ਲੈ ਗਏ। ਫਿਰ ਦੂਜੀ ਵਾਰ ਵਿੱਚ ਦਿੱਲੀ ਦੇ ਰਹਿਣ ਵਾਲੇ ਭਾਈ ਧਰਮ ਸਿੰਘ, ਤੀਜੀ ਵਾਰ ਵਿੱਚ ਜਗਨਨਾਥ ਪੁਰੀ (ਉਡੀਸ਼ਾ) ਦੇ ਇੱਕ ਰਸੋਈਏ ਸਿੱਖ ਹਿੰਮਤ ਰਾਏ, ਚੌਥੀ ਵਾਰ ਵਿੱਚ ਦੁਵਾਰਕਾ (ਗੁਜਰਾਤ) ਦੇ ਇੱਕ ਛੀਬੋ ਮੋਹਕਮ ਚੰਦ ਅਤੇ ਪੰਜਵੀਂ ਵਾਰ ਬਿਦਰ (ਕਰਨਾਟਕ) ਦੇ ਇੱਕ ਭਾਈ ਸਾਹਿਬ ਚੰਦ ਨੇ ਆਪੋਂ-ਆਪਣਾ ਸੀਸ ਭੇਂਟ ਕੀਤਾ।
ਗੁਰੂ ਗੋਬਿੰਦ ਸਿੰਘ ਜੀ ਨੇ ਸੁੰਦਰ ਪੋਸ਼ਾਕ ਪਹਿਨਾ ਕੇ ਤੰਬੂ ਤੋਂ ਬਾਹਰ ਉਨ੍ਹਾਂ ਪੰਜਾਂ ਨੂੰ ਸੰਗਤ ਸਾਹਮਣੇ ਲੈ ਕੇ ਆਏ। ਅੰਮ੍ਰਿਤ ਤਿਆ ਕੀਤਾ ਅਤੇ ਪੰਜਾਂ ਸਿੱਖਾਂ ਨੂੰ ਛਕਾ ਕੇ 'ਸਿੰਘ' ਸੱਜਣ ਦਾ ਮਾਣ ਦਿੱਤਾ ਅਤੇ ਇਨ੍ਹਾਂ ਨੇ ਪੰਜ ਪਿਆਰੇ ਆਖਿਆ। ਫਿਰ ਉਨ੍ਹਾਂ ਪੰਜਾਂ ਸਿੰਘਾਂ ਕੋਲੋਂ ਖੁਦ ਅੰਮ੍ਰਿਤ ਛਕਿਆ। ਹੁਣ ਜੱਟ, ਗੈਰ-ਜੱਟ, ਉੱਚੀ-ਨੀਵੀਂ ਜਾਤਿ, ਗੁਰੂ-ਚੇਲੇ ਦਾ ਕੋਈ ਅੰਤਰ ਨਹੀ ਰਿਹਾ ਸੀ।
ਰਹਿਣੀ ਰਹੈ ਸੋਈ ਸਿਖ ਮੇਰਾ ਤੂ ਸਾਹਿਬ ਮੈ ਉਸਕਾ ਚੇਰਾ
ਸਿੰਘਾਂ ਲਈ ਇਹ ਹੁਕਮ ਕੀਤਾ ਜਾਰੀ:ਖਾਲਸਾ ਪੰਥ ਦੀ ਸਥਾਪਨਾ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਨਵਾਂ ਪੰਥ ਸਿਰਜਿਆ ਅਤੇ ਜਾਤ-ਪਾਤਿ, ਰੰਗ-ਭੇਦ ਦੇ ਵਿਤਕਰੇ ਨੂੰ ਵੀ ਖ਼ਤਮ ਕੀਤਾ। ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ ਮਰਦਾਂ ਦੇ ਨਾਮ ਪਿੱਛੇ 'ਸਿੰਘ' ਅਤੇ ਔਰਤਾਂ ਦੇ ਨਾਮ ਪਿੱਛੇ 'ਕੌਰ' ਲਾਉਣ ਦਾ ਹੁਕਮ ਦਿੱਤਾ। ਇਸ ਤੋਂ ਇਲਾਵਾ, ਅੰਮ੍ਰਿਤ ਛੱਕਣ ਵਾਲੇ ਪਿਆਰਿਆਂ ਲਈ ਕੇਸ, ਕੰਘਾ, ਕੜਾ, ਕਿਰਪਾਨ ਤੇ ਕਛਹਿਰਾ ਪੰਜ ਕਕਾਰ ਵੀ ਸਿੰਘਾਂ ਦੇ ਪਹਿਨਾਵੇ ਦਾ ਜ਼ਰੂਰੀ ਹਿੱਸਾ ਬਣਾਇਆ। ਇਹ ਰੀਤਿ ਅੱਜ ਵੀ ਅੰਮ੍ਰਿਤ ਛੱਕਣ ਵਾਲੇ ਸਿੰਘ ਜਾਂ ਕੌਰ ਵਲੋਂ ਪੂਰੀ ਰਹਿਤ ਮਰਿਯਾਦਾ ਨਾਲ ਅਪਣਾਈ ਜਾਂਦੀ ਹੈ।
ਦੱਸ ਦਈਏ ਕਿ ਸੰਨ 1664 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਸਾਹਿਬ ਗੁਰਦੁਆਰੇ ਦੀ ਉਸਾਰੀ ਕਰਵਾਈ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਗੁਰਦੁਆਰੇ ਵਿੱਚ 25 ਸਾਲ ਤੋਂ ਵੱਧ ਸਮਾਂ ਬਿਤਾਇਆ ਸੀ।
ਅੱਜ ਦਾ ਦਿਨ ਅੰਮ੍ਰਿਤ ਸੰਚਾਰ ਦਾ: ਉਥੇ ਹੀ, ਖਾਲਸੇ ਦੇ ਪ੍ਰਗਟ ਸਥਾਨ ਦੀ ਕੀਤੀ ਜਾਵੇ ਤਾਂ ਖਾਲਸਾ ਪੰਥ ਦੀ ਸਾਜਨਾ ਦਿਵਸ ਦੇ ਮੌਕੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤ ਇਨ੍ਹਾਂ ਪਾਵਨ ਪਵਿੱਤਰ ਸਥਾਨਾਂ ਉੱਤੇ ਆ ਕੇ ਨਤਮਸਤਕ ਹੁੰਦੀ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਰੰਗ ਬਿਰੰਗੇ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ। ਸ੍ਰੀ ਅਖੰਡ ਪਾਠ ਆਰੰਭ ਕਰਵਾਇਆ ਦਿਆ ਜਿਨ੍ਹਾਂ ਦਾ ਭੋਗ 13 ਅਪ੍ਰੈਲ ਸਵੇਰੇ 10 ਵਜੇ ਦੇ ਕਰੀਬ ਪਾਏ ਜਾਵੇਗਾ। ਪੂਰਾ ਦਿਨ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਦੀਵਾਨ ਤੇ ਅੰਮ੍ਰਿਤ ਸੰਚਾਰ ਕਰਾਇਆ ਜਾਵੇਗਾ। ਉੱਥੇ ਹੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਵਿਸਾਖੀ 13 ਅਪ੍ਰੈਲ ਨੂੰ ਹਰ ਸਿੱਖ ਆਪਣੇ ਆਪਣੇ ਘਰਾਂ ਉੱਤੇ ਕੇਸਰੀ ਨਿਸ਼ਾਨ ਝਲਾਉਣ। ਅੱਜ ਦੇ ਦਿਨ ਬਹੁਤ ਸਾਰੇ ਲੋਕ ਅੰਮ੍ਰਿਤ ਛੱਕ ਕੇ ਸਿੰਘ ਸੱਜਦੇ ਹਨ, ਜਿਸ ਵਿੱਚ ਮਰਦਾ ਦੇ ਨਾਲ ਔਰਤਾਂ ਵੀ ਸ਼ਾਮਿਲ ਹੁੰਦੀਆਂ ਹਨ।