ਚੰਡੀਗੜ੍ਹ:ਪੰਜਾਬ ਦੀ ਸਿਆਸਤ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਇੱਕ ਦੂਜੇ 'ਤੇ ਬਿਆਨਬਾਜ਼ੀਆਂ ਅਤੇ ਤੰਜ ਕੱਸਣਾ ਆਮ ਗੱਲ ਹੈ। ਉਥੇ ਹੀ ਅੱਜ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਤੋਂ ਪਹਿਲਾਂ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤੰਜ ਭਰੇ ਲਹਿਜੇ 'ਤੇ ਇੱਕ ਵੀਡੀਓ ਸੁਨੇਹਾ ਜਾਰੀ ਕੀਤਾ ਗਿਆ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਜਿਥੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਚੰਡੀਗੜ੍ਹ ਵਿੱਚ ਮੌਜੂਦਗੀ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਿਆ ਹੈ। ਉਥੇ ਹੀ ਮੁੱਖ ਮੰਤਰੀ ਮਾਨ ਦੀ ਸਿਹਤ ਨੂੰ ਲੈਕੇ ਚਿੰਤਾ ਜ਼ਾਹਿਰ ਕੀਤੀ ਕਿ ਪੰਜਾਬ 'ਚ ਸ਼ਰਾਬ ਨੀਤੀ ਨੂੰ ਲੈਕੇ ਮਾਨ ਸਾਬ੍ਹ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ।
ਦਿੱਲੀ ਦੇ ਮੰਤਰੀਆਂ ਨੇ ਉਡਾਈ ਸੀਐਮ ਦੀ ਰਾਤਾਂ ਦੀ ਨੀਂਦ
ਸੁਨੀਲ ਜਾਖੜ ਨੇ ਕਿਹਾ ਕਿ 'ਦਿੱਲੀ ਤੋਂ ਭਜਾਈ ਹੋਈ ਆਪਦਾ ਹੁਣ ਪੰਜਾਬ 'ਤੇ ਮੰਡਰਾਉਂਦੀ ਹੋਈ ਨਜ਼ਰ ਆ ਰਹੀ ਹੈ। ਉਸ ਹੀ ਆਪਦਾ ਕਾਰਨ ਸ਼ਾਇਦ ਪੰਜਾਬ ਦੇ ਮੁੱਖ ਮੰਤਰੀ ਬੇਚੈਨ ਹਨ ਅਤੇ ਉਨ੍ਹਾਂ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ ਅਤੇ ਉਹਨਾਂ ਨੂੰ ਹਾਈ ਬੀਪੀ ਦੀ ਦਿੱਕਤ ਪੇਸ਼ ਆ ਰਹੀ ਹੈ। ਦਿੱਲੀ ਦੇ ਸਾਬਕਾ ਆਬਕਾਰੀ ਮੰਤਰੀ ਮਨੀਸ਼ ਸਿਸੋਦੀਆ ਜੀ ਦੀ ਚੰਡੀਗੜ੍ਹ 'ਚ ਮੌਜੂਦਗੀ ਕਾਰਨ ਪੰਜਾਬ ਦੇ ਮੁੱਖ ਮੰਤਰੀ ਦਾ ਬਲੱਡ ਪ੍ਰੈਸ਼ਰ ਵਧ ਗਿਆ ਹੈ, ਕਿਉਂਕਿ ਸਿਸੋਦੀਆ ਜੀ ਪੰਜਾਬ ਸ਼ਰਾਬ ਨੀਤੀ ਤਿਆਰ ਕਰ ਰਹੇ ਹਨ, ਜੋ ਅੱਜ ਪੰਜਾਬ ਕੈਬਨਿਟ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ। ਮੈਂ ਆਉਣ ਵਾਲੇ ਦਿਨਾਂ ਵਿੱਚ ਭਗਵੰਤ ਮਾਨ ਜੀ ਦੀ ਚੰਗੀ ਸਿਹਤ ਅਤੇ ਸ਼ੁਭਕਾਮਨਾਵਾਂ ਦੀ ਕਾਮਨਾ ਕਰਦਾ ਹਾਂ। ਨਾਲ ਹੀ ਚੀਮਾ ਸਾਹਿਬ ਨਾ ਮੈਂ ਚਾਹੁੰਦਾ ਹਾਂ ਅਤੇ ਨਾ ਹੀ ਤੁਸੀਂ ਚਾਹੋਗੇ ਕਿ ਤੁਹਾਡਾ ਹਾਲ ਵੀ ਸਾਬਕਾ ਮੰਤਰੀ ਸਿਸੋਦੀਆ ਵਰਗਾ ਹੋਵੇ, ਇਸ ਲਈ ਸਾਵਧਾਨ ਰਹਿਣਾ।"
ਦਿੱਲੀ ਵਰਗੇ ਹੋਣਗੇ ਪੰਜਾਬ ਦੇ ਹਾਲ
ਵੀਡੀਓ 'ਚ ਭਾਜਪਾ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਇਸ ਪੂਰੇ ਮਾਮਲੇ ਵਿੱਚ ਉਮੀਦ ਦੀ ਕਿਰਨ ਦਿਖਾਈ ਦੇ ਰਹੀ ਹੈ। ਦਿੱਲੀ ਦੀ ਇਸ ਸ਼ਰਾਬ ਨੀਤੀ ਕਾਰਨ ਦਿੱਲੀ ਦੇ ਲੋਕਾਂ ਸਾਹਮਣੇ ਦ੍ਰਿੜ ਇਮਾਨਦਾਰੀ ਦਾ ਦਾਅਵਾ ਕਰਨ ਵਾਲੀ ਪਾਰਟੀ ਦਾ ਚਿਹਰਾ ਸਾਹਮਣੇ ਆ ਗਿਆ ਹੈ ਅਤੇ ਦਿੱਲੀ ਵਿੱਚ ਜੋ ਕੁਝ ਵੀ ਆਪ ਦੀ ਸਰਕਾਰ ਨਾਲ ਹੋਇਆ ਹੈ ਪੰਜਾਬ ਦੇ ਲੋਕ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਨਾਲ ਉਹੀ ਕਰਨ ਜਾ ਰਹੇ ਹਨ।
ਸ਼ਰਾਬ ਦੇ ਲਾਇਸੈਂਸ ਦੀਆਂ ਫੀਸ ਘਟਾਈਆਂ
ਜ਼ਿਕਰਯੋਗ ਹੈ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਰਿਹਾਇਸ਼ ਵਿਖੇ ਕੈਬਿਨਟ ਮੀਟਿੰਗ ਹੋਈ ਜਿਥੇ ਬੈਠਕ ਮਗਰੋਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਹ ਦਾਅਵਾ ਕੀਤਾ ਕਿ ਵਿੱਤੀ ਸਾਲ 2024-25 ਵਿੱਚ 10,200 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਹੈ। ਇਸ ਵਾਰ ਵੀ ਈ-ਟੈਂਡਰਿੰਗ ਰਾਹੀਂ ਹੀ ਨਿਲਾਮੀ ਹੋਵੇਗੀ। ਇਸ ਵਾਰ 207 ਗਰੁੱਪ ਬਣਾਏ ਗਏ ਹਨ। ਗਰੁੱਪ ਦਾ ਆਕਾਰ 40 ਕਰੋੜ ਰੱਖਿਆ ਗਿਆ ਸੀ। ਪਲੱਸ ਮਾਇਨਸ 25 ਫੀਸਦੀ ਰੱਖਿਆ ਗਿਆ ਹੈ। ਦੇਸੀ ਸ਼ਰਾਬ ਲਈ ਤਿੰਨ ਫੀਸਦੀ ਕੋਟਾ ਰੱਖਿਆ ਗਿਆ ਹੈ। ਸਾਬਕਾ ਸੈਨਿਕਾਂ ਦੇ ਥੋਕ ਸ਼ਰਾਬ ਦੇ ਲਾਇਸੈਂਸ ਦੀ ਫੀਸ ਪਹਿਲਾਂ 5 ਲੱਖ ਰੁਪਏ ਸੀ, ਹੁਣ ਇਹ ਫੀਸ ਘਟਾ ਕੇ 2.5 ਲੱਖ ਰੁਪਏ ਕਰ ਦਿੱਤੀ ਗਈ ਹੈ। ਪਹਿਲਾਂ ਫਾਰਮ ਵਿੱਚ ਸ਼ਰਾਬ ਰੱਖਣ ਦਾ ਲਾਇਸੈਂਸ ਸਿਰਫ਼ 12 ਸ਼ਰਾਬ ਦੀਆਂ ਬੋਤਲਾਂ ਲਈ ਸੀ। ਇਸ ਨੂੰ ਹੁਣ 36 ਬੋਤਲਾਂ ਵਿੱਚ ਬਦਲ ਦਿੱਤਾ ਗਿਆ ਹੈ। ਲਾਇਸੈਂਸ ਧਾਰਕ ਹੁਣ ਬੀਅਰ, ਵੋਡਕਾ ਅਤੇ ਜਿੰਨ ਰੱਖ ਸਕਣਗੇ। ਵਿਸ਼ੇਸ਼ ਬੀਅਰ ਦੀਆਂ ਦੁਕਾਨਾਂ ਲਈ ਲਾਇਸੈਂਸ ਫੀਸ ਘਟਾ ਦਿੱਤੀ ਗਈ ਸੀ। ਪਹਿਲਾਂ ਇਹ ਫੀਸ 2 ਲੱਖ ਰੁਪਏ ਸੀ, ਜੋ ਹੁਣ ਘਟਾ ਕੇ 25 ਹਜ਼ਾਰ ਰੁਪਏ ਪ੍ਰਤੀ ਦੁਕਾਨ ਕਰ ਦਿੱਤੀ ਗਈ ਹੈ। ਨਵਾਂ ਬੋਟਲਿੰਗ ਪਲਾਂਟ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ। ਗਊ ਸੈੱਸ 1 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 1.5 ਰੁਪਏ ਕਰ ਦਿੱਤਾ ਗਿਆ ਹੈ।