ਚੰਡੀਗੜ੍ਹ:ਅਪਰਾਧ ਖਿਲਾਫ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਦਰਅਸਲ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੂੰ ਵੱਡੀ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਕਬੱਡੀ ਖਿਡਾਰੀ ਨੰਗਲ ਅੰਬੀਆਂ ਦੇ ਕਤਲ ਕਾਂਡ ਵਿੱਚ ਸ਼ਾਮਿਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਕੌਸ਼ਲ ਚੌਧਰੀ ਗੈਂਗ ਦੇ ਛੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਵਿੱਚ ਇੱਕ ਵੱਡੀ ਟਾਰਗੇਟ ਕਿਲਿੰਗ ਨੂੰ ਨਾਕਾਮ ਕਰ ਦਿੱਤਾ, ਜਿਨ੍ਹਾਂ ਵਿੱਚ ਮੁੱਖ ਮੁਲਜ਼ਮ ਪੁਨੀਤ ਲਖਨਪਾਲ ਉਰਫ਼ ਸ਼ਰਮਾ ਅਤੇ ਨਰਿੰਦਰ ਕੁਮਾਰ ਉਰਫ਼ ਲਾਲੀ ਸ਼ਾਮਲ ਹਨ।
ਸੰਦੀਪ ਸਿੰਘ ਨੰਗਲ ਅੰਬੀਆਂ ਮਾਮਲੇ 'ਚ ਨਾਮਜ਼ਦ ਮੁਲਜ਼ਮ ਕਾਬੂ
ਗ੍ਰਿਫਤਾਰ ਕੀਤੇ ਗਏ ਮੁਲਜ਼ਮ ਪਿਛਲੇ 3 ਸਾਲਾਂ ਤੋਂ ਗ੍ਰਿਫਤਾਰੀਆਂ ਤੋਂ ਬਚ ਰਹੇ ਸਨ, ਉਹ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ (2022) ਅਤੇ ਸੁਖਮੀਤ ਸਿੰਘ ਉਰਫ ਡਿਪਟੀ (2021) ਦੇ ਕਤਲਾਂ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਸਨ। ਉਹ ਰਾਜਸਥਾਨ ਵਿੱਚ ਹਾਈਵੇਅ ਕਿੰਗ ਹੋਟਲ ਵਿੱਚ ਅੰਨ੍ਹੇਵਾਹ ਫਾਇਰਿੰਗ ਕਰਨ ਅਤੇ ਸਤੰਬਰ 2024 ਵਿੱਚ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕਰਨ ਵਿੱਚ ਵੀ ਸ਼ਾਮਲ ਸਨ।
ਵਿਰੋਧੀ ਗੈਂਗ ਸੀ ਬਦਮਾਸ਼ਾ ਦਾ ਨਿਸ਼ਾਨਾ
ਸੂਤਰਾਂ ਅਨੁਸਾਰ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਮੁਲਜ਼ਮਾਂ ਨੂੰ ਜੰਡਿਆਲਾ, ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਜਲਦੀ ਹੀ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਨਗੇ। ਪੁਲਿਸ ਨੇ ਮੁਲਜ਼ਮਾਂ ਤੋਂ ਨਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਸਾਰੇ ਮੁਲਜ਼ਮ ਇਕੱਠੇ ਹੋ ਕੇ ਜਲੰਧਰ ਵਿੱਚ ਆਪਣੇ ਵਿਰੋਧੀ ਗੈਂਗ ਦੇ ਇੱਕ ਗੈਂਗਸਟਰ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਸਾਰੇ ਦੋਸ਼ੀ ਹਰਿਆਣਾ ਦੇ ਬਦਨਾਮ ਗੈਂਗਸਟਰ ਕੌਸ਼ਲ ਚੌਧਰੀ ਅਤੇ ਪੰਜਾਬ ਦੇ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਵਿਰੋਧੀ ਦਵਿੰਦਰ ਬੰਬੀਹਾ ਲਈ ਕੰਮ ਕਰਦੇ ਸਨ। ਮੁਲਜ਼ਮਾਂ ਨੇ ਪੰਜਾਬ ਵਿੱਚ ਗੋਪੀ ਘਣਸ਼ਿਆਮਪੁਰੀਆ ਗੈਂਗ ਲਈ ਅਪਰਾਧ ਨੂੰ ਅੰਜਾਮ ਦੇਣਾ ਸੀ, ਜੋ ਚੌਧਰੀ ਅਤੇ ਬੰਬੀਹਾ ਗੈਂਗ ਨਾਲ ਗੱਠਜੋੜ ਵਿੱਚ ਹੈ।
ਜਲੰਧਰ ਦੇ ਸ਼ਾਰਪ ਸ਼ੂਟਰ ਪੁਨੀਤ ਸ਼ਰਮਾ ਅਤੇ ਨਰਿੰਦਰ ਸ਼ਰਮਾ ਉਰਫ਼ ਲਾਲੀ ਨੇ ਜੈਪੁਰ ਦੇ ਨੀਮਰਾਨਾ ਸਥਿਤ ਹੋਟਲ ਕਿੰਗ ਵਿੱਚ ਕਾਰਬਾਈਨ ਤੋਂ ਗੋਲੀਆਂ ਚਲਾਈਆਂ ਸਨ ਅਤੇ ਕਾਰੋਬਾਰੀ ਤੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਮੁਲਜ਼ਮ ਨੇ ਇਹ ਅਪਰਾਧ ਲਗਭਗ ਚਾਰ ਮਹੀਨੇ ਪਹਿਲਾਂ ਕੀਤਾ ਸੀ। ਮੁਲਜ਼ਮਾਂ ਨੇ ਮੌਕੇ 'ਤੇ ਹੀ ਪਰਚੀ ਸੁੱਟ ਕੇ ਫਿਰੌਤੀ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਮੁਲਜ਼ਮ ਮਾਨਸਾ, ਅੰਮ੍ਰਿਤਸਰ, ਜਲੰਧਰ ਅਤੇ ਪੰਜਾਬ ਦੇ ਹੋਰ ਇਲਾਕਿਆਂ ਵਿੱਚ ਲਗਾਤਾਰ ਆਪਣਾ ਟਿਕਾਣਾ ਬਦਲ ਰਹੇ ਸਨ। ਸੰਦੀਪ ਦੇ ਕਤਲ ਮਾਮਲੇ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਫਰਾਰ ਚੱਲ ਰਹੇ ਜਲੰਧਰ ਦੇ ਦੋ ਸ਼ਾਰਪ ਸ਼ੂਟਰਾਂ ਨੂੰ ਨਾ ਤਾਂ ਜਲੰਧਰ ਸਿਟੀ ਪੁਲਿਸ ਅਤੇ ਨਾ ਹੀ ਪੰਜਾਬ ਪੁਲਿਸ ਏਜੰਸੀਆਂ ਗ੍ਰਿਫ਼ਤਾਰ ਕਰਨ ਦੇ ਯੋਗ ਹੋ ਸਕੀਆਂ ਹਨ।