ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਲਗਾਤਾਰ ਵਿਲੱਖਣਤਾ ਦਾ ਇਜ਼ਹਾਰ ਕਰਵਾਉਂਦੇ ਆ ਰਹੇ ਹਨ ਪ੍ਰਵਾਸੀ ਗਾਇਕ ਸੁਖਸ਼ਿੰਦਰ ਸ਼ਿੰਦਾ, ਜੋ ਆਪਣੇ ਨਵੇਂ ਟਰੈਕ ਸਿਆਪੇ ਨਾਲ ਸੰਗੀਤਕ ਪਿੜ ਵਿੱਚ ਇੱਕ ਵਾਰ ਮੁੜ ਪ੍ਰਭਾਵੀ ਦਸਤਕ ਦੇਣ ਜਾ ਰਹੇ ਹਨ, ਜਿੰਨਾਂ ਦਾ ਇਹ ਬੀਟ ਗੀਤ 4 ਅਪ੍ਰੈਲ ਨੂੰ ਵੱਖ-ਵੱਖ ਪਲੇਟਫ਼ਾਰਮ ਉਪਰ ਰਿਲੀਜ਼ ਹੋਵੇਗਾ।
ਬਿੱਟੂ ਸਰਾਂ ਵੱਲੋਂ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਆਪਣੀ ਸੁਰੀਲੀ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਸ਼ਾਨਦਾਰ ਸੰਗੀਤ ਦੀ ਸਿਰਜਣਾ ਵੀ ਸੁਖਸ਼ਿੰਦਰ ਸ਼ਿੰਦਾ ਵੱਲੋਂ ਖੁਦ ਹੀ ਕੀਤੀ ਗਈ ਹੈ, ਜਦਕਿ ਇਸ ਗੀਤ ਦੇ ਪ੍ਰਭਾਵਪੂਰਨ ਬੋਲ ਪੰਜਾਬੀ ਮਿਊਜ਼ਿਕ ਦੇ ਖੇਤਰ ਵਿੱਚ ਅਜ਼ੀਮ ਗੀਤਕਾਰ ਦੇ ਤੌਰ 'ਤੇ ਜਾਣੇ ਜਾਂਦੇ ਰਹੇ ਦਯਾ ਸਿੰਘ ਦਲਬੀਰ ਨੇ ਲਿਖੇ ਹਨ।
ਦੇਸੀ ਅਤੇ ਆਧੁਨਿਕ ਸੰਗੀਤ ਦੇ ਅਨੂਠੇ ਸੰਗੀਤਕ ਸੁਮੇਲ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਪਰਵਿੰਦਰ ਪਿੰਕੂ ਦੁਆਰਾ ਕੀਤੀ ਗਈ ਹੈ, ਜਿੰਨਾਂ ਤੋਂ ਇਲਾਵਾ ਇਸ ਟਰੈਕ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਕਲਾ ਨਿਰਦੇਸ਼ਕ ਸਿਆਨ ਡਿਜੀਟਲ ਯੂਕੇ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।
ਦੁਨੀਆ ਭਰ ਵਿੱਚ ਆਪਣੀ ਨਾਯਾਬ ਗਾਇਕੀ ਕਲਾ ਦਾ ਲੋਹਾ ਮੰਨਵਾ ਚੁੱਕੇ ਹਨ ਗਾਇਕ ਸੁਖਸ਼ਿੰਦਰ ਸ਼ਿੰਦਾ, ਜਿੰਨਾਂ ਅਨੁਸਾਰ ਉਨਾਂ ਦਾ ਰਿਲੀਜ਼ ਹੋ ਰਿਹਾ ਗਾਣਾ ਵੱਖ-ਵੱਖ ਕਾਰਨਾਂ ਦੇ ਮੱਦੇਨਜ਼ਰ ਪੈਣ ਵਾਲੇ ਸਿਆਪਿਆਂ ਦੇ ਕੁਝ ਦਿਲਚਸਪ ਪਹਿਲੂਆਂ ਦੁਆਲੇ ਕੇਂਦਰਿਤ ਕੀਤਾ ਗਿਆ ਹੈ, ਜਿਸ ਵਿੱਚ ਪੁਰਾਣੇ ਪੰਜਾਬ ਦੇ ਮਸ਼ਹੂਰ ਰਹੇ ਅਖਾਣਾਂ, ਕਹਾਵਤਾਂ ਅਤੇ ਕਲਚਰ ਨੂੰ ਪ੍ਰਤੀਬਿੰਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਸੰਗੀਤਕ ਤਰੋ-ਤਾਜ਼ਗੀ ਦਾ ਅਹਿਸਾਸ ਕਰਵਾਉਣ ਦੇ ਨਾਲ-ਨਾਲ ਅਸਲ ਪੰਜਾਬ ਦੇ ਕਈ ਰੰਗਾਂ ਨੂੰ ਵੀ ਜੀਵੰਤ ਕਰਨਗੇ।
ਮੂਲ ਰੂਪ ਵਿੱਚ ਪੰਜਾਬ ਦੇ ਦੁਆਬਾ ਖਿੱਤੇ ਅਧੀਨ ਆਉਂਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਪਿੰਡ ਧਮਾਈ ਨਾਲ ਸੰਬੰਧਤ ਇਹ ਬਿਹਤਰੀਨ ਗਾਇਕ ਅੱਜਕੱਲ੍ਹ ਸੰਗੀਤਕ ਖੇਤਰ ਵਿੱਚ ਮੁੜ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ, ਜਿੰਨਾਂ ਆਪਣੀ ਬਾਕਮਾਲ ਗਾਇਕੀ ਦੀ ਬਦੌਲਤ ਇੰਗਲੈਂਡ ਦੇ ਗਾਇਕੀ ਗਲਿਆਰਿਆਂ ਵਿੱਚ ਮੋਹਰੀ ਭੰਗੜਾਂ ਸਟਾਰ ਹੋਣ ਦਾ ਮਾਣ ਆਪਣੀ ਝੋਲੀ ਪਾਇਆ ਹੈ।
ਯੂਕੇ ਦੇ ਬਰਮਿੰਘਮ ਵਿਖੇ ਵੱਸਦਾ ਰੱਖਦੇ ਅਤੇ ਪਿਛਲੇ ਕਈ ਸਾਲਾਂ ਤੋਂ ਬਰਾਬਰਤਾ ਨਾਲ ਆਪਣੇ ਕਦਮ ਵਧਾ ਰਹੇ ਸੁਖਸ਼ਿੰਦਰ ਸ਼ਿੰਦਾ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਅਲਹਦਾ-ਅਲਹਦਾ ਸੰਗੀਤਕ ਸ਼ੈਲੀ ਨਾਲ ਅੋਤ ਪੋਤ ਅਪਣੇ ਕੁਝ ਹੋਰ ਗਾਣੇ ਵੀ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨਗੇ, ਜਿੰਨਾਂ ਦੀਆਂ ਰਿਕਾਰਡਿੰਗ ਤਿਆਰੀਆਂ ਨੂੰ ਵੀ ਇੰਨੀਂ ਦਿਨੀਂ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।