ਚੰਡੀਗੜ੍ਹ:ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਗਲਿਆਰਿਆਂ ਵਿੱਚ ਵੀ ਇੰਨੀ ਦਿਨੀਂ ਖਾਸੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪੰਜਾਬੀ ਫਿਲਮ 'ਮੇਹਰ', ਜਿਸ ਦੇ ਆਨ ਫਲੌਰ ਪੜਾਅ ਦਾ ਮਸ਼ਹੂਰ ਪੰਜਾਬੀ ਅਦਾਕਾਰ ਸਿਮਰਪਾਲ ਸਿੰਘ ਨੂੰ ਵੀ ਅਹਿਮ ਹਿੱਸਾ ਬਣਾਇਆ ਗਿਆ, ਜੋ ਇਸ ਬਿੱਗ ਸੈੱਟਅੱਪ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ।
'ਡਿਜੀਟੇਨਮੈਂਟ' ਅਤੇ 'ਦਿਵਿਆ ਭਟਨਾਗਰ' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਅਰਥ-ਭਰਪੂਰ ਫਿਲਮ ਦਾ ਨਿਰਦੇਸ਼ਨ ਰਾਕੇਸ਼ ਮਹਿਤਾ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਵਿਸ਼ਾਲ ਕੈਨਵਸ ਅਧੀਨ ਫਿਲਮਬੱਧ ਕੀਤੀ ਜਾ ਰਹੀ ਇਸ ਫਿਲਮ ਵਿੱਚ ਹਿੰਦੀ ਸਿਨੇਮਾ ਦੇ ਮੰਨੇ-ਪ੍ਰਮੰਨੇ ਅਤੇ ਵਿਵਾਦਿਤ ਅਦਾਕਾਰ ਰਾਜ ਕੁੰਦਰਾ ਤੋਂ ਇਲਾਵਾ ਮਸ਼ਹੂਰ ਬਾਲੀਵੁੱਡ ਅਦਾਕਾਰਾ ਗੀਤਾ ਬਸਰਾ ਲੀਡਿੰਗ ਕਿਰਦਾਰ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਮਾਸਟਰ ਅਗਮਬੀਰ ਸਿੰਘ, ਬਨਿੰਦਰ ਬਿੰਨੀ, ਕੁਮਾਰ ਅਜੇ ਦੇ ਨਾਲ ਅਦਾਕਾਰ ਸਿਮਰਪਾਲ ਸਿੰਘ ਵੀ ਇਸ ਵਿੱਚ ਕਾਫ਼ੀ ਪ੍ਰਭਾਵੀ ਭੂਮਿਕਾਵਾਂ ਨੂੰ ਅੰਜ਼ਾਮ ਦੇ ਰਹੇ ਹਨ, ਜਿੰਨ੍ਹਾਂ ਵੱਲੋਂ ਅਪਣੇ ਹਿੱਸੇ ਦੇ ਦ੍ਰਿਸ਼ਾਂ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਹਾਲ ਹੀ ਵਿੱਚ ਸਾਹਮਣੇ ਆਏ ਕਈ ਵੱਡੇ ਪੰਜਾਬੀ ਪ੍ਰੋਜੈਕਟਸ ਦਾ ਸ਼ਾਨਦਾਰ ਹਿੱਸਾ ਰਹੇ ਅਦਾਕਾਰ ਸਿਮਰਪਾਲ ਸਿੰਘ, ਜਿੰਨ੍ਹਾਂ ਅਨੁਸਾਰ ਬਾਲੀਵੁੱਡ ਦੀਆਂ ਮੰਝੀਆਂ ਹੋਈਆਂ ਅਤੇ ਨਾਮੀ ਗਿਰਾਮੀ ਸ਼ਖਸੀਅਤਾਂ ਨਾਲ ਇਸ ਫਿਲਮ ਲਈ ਕੰਮ ਕਰਨਾ ਉਨ੍ਹਾਂ ਲਈ ਕਾਫ਼ੀ ਯਾਦਗਾਰੀ ਅਨੁਭਵ ਸਾਬਿਤ ਹੋ ਰਿਹਾ ਹੈ, ਜੋ ਕਾਫੀ ਵਧੀਆ ਸੁਮੇਲਤਾ ਬਣਾ ਖੁਸ਼ਗਵਾਰ ਮਾਹੌਲ ਵਿੱਚ ਉਨ੍ਹਾਂ ਸਮੇਤ ਸਾਰੇ ਪੰਜਾਬੀ ਕਲਾਕਾਰਾਂ ਨਾਲ ਕੰਮ ਕਰਨਾ ਪਸੰਦ ਕਰ ਰਹੇ ਹਨ।