ਚੰਡੀਗੜ੍ਹ:ਸਾਲ 1996 ਵਿੱਚ ਰਿਲੀਜ਼ ਹੋਈ ਥ੍ਰਿਲਰ ਫਿਲਮ 'ਮਾਚਿਸ' ਨਾਲ ਸਿਲਵਰ ਸਕ੍ਰੀਨ ਦਾ ਹਿੱਸਾ ਬਣੇ ਅਦਾਕਾਰ ਜਿੰਮੀ ਸ਼ੇਰਗਿੱਲ ਲਗਭਗ ਤਿੰਨ ਦਹਾਕਿਆਂ ਬਾਅਦ ਵੀ ਸਿਨੇਮਾ ਅਤੇ ਓਟੀਟੀ ਖੇਤਰ ਵਿੱਚ ਅਪਣਾ ਵਜ਼ੂਦ ਕਾਇਮ ਰੱਖਣ ਵਿਚ ਸਫ਼ਲ ਰਹੇ ਹਨ, ਜਿੰਨ੍ਹਾਂ ਦੀ ਅੱਜ ਵੀ ਜਾਰੀ ਫਿਲਮੀ ਮੰਗ ਅਤੇ ਲੋਕਪ੍ਰਿਯਤਾ ਦਾ ਪ੍ਰਗਟਾਵਾ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਨਵੀਂ ਓਟੀਟੀ ਫਿਲਮ 'ਸਿਕੰਦਰ ਕਾ ਮੁਕੱਦਰ', ਜੋ ਭਲਕੇ 29 ਨਵੰਬਰ ਨੂੰ ਨੈੱਟਫਲਿਕਸ ਉਤੇ ਸਟ੍ਰੀਮ ਹੋਣ ਜਾ ਰਹੀ ਹੈ।
'ਏ ਫ੍ਰਾਈਡੇ ਸਟੋਰੀਟੇਲਰ ਪ੍ਰੋਡੋਕਸ਼ਨ' ਵੱਲੋਂ ਬਣਾਈ ਅਤੇ ਨੈੱਟਫਲਿਕਸ ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਚਰਚਿਤ ਫਿਲਮ ਦੀ ਸਟੋਰੀ, ਸਕਰੀਨ ਪਲੇਅ ਅਤੇ ਨਿਰਦੇਸ਼ਨ ਨੀਰਜ ਪਾਂਡੇ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਬੇਸ਼ੁਮਾਰ ਸੁਪਰ ਡੁਪਰ ਹਿੱਟ ਫਿਲਮਾਂ ਦਾ ਲੇਖਨ ਅਤੇ ਨਿਰਦੇਸ਼ਨ ਜ਼ਿੰਮਾ ਸੰਭਾਲ ਚੁੱਕੇ ਹਨ।
ਨਿਰਮਾਤਾ ਸ਼ੀਤਲ ਭਾਟੀਆ ਵੱਲੋਂ ਨਿਰਮਿਤ ਕੀਤੀ ਗਈ ਇਸ ਐਕਸ਼ਨ-ਡਰਾਮਾ ਫਿਲਮ ਵਿੱਚ ਕਾਫ਼ੀ ਚੁਣੌਤੀਪੂਰਨ ਅਤੇ ਪ੍ਰਭਾਵੀ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ ਅਦਾਕਾਰ ਜਿੰਮੀ ਸ਼ੇਰਗਿੱਲ, ਜੋ ਇੱਕ ਬਿਲਕੁਲ ਅਲਹਦਾ ਰੋਲ ਅਤੇ ਨਵੇਂ ਅਵਤਾਰ ਵਿੱਚ ਦਰਸ਼ਕਾਂ ਦੇ ਸਨਮੁੱਖ ਹੋਣਗੇ।