ਹੈਦਰਾਬਾਦ: 'ਪੁਸ਼ਪਾ 2' ਇਸ ਸਮੇਂ ਕਾਫੀ ਸਾਰੇ ਰਿਕਾਰਡ ਤੋੜ ਰਹੀ ਹੈ, ਉੱਥੇ ਹੀ ਫਿਲਮ ਦੇ ਸਟਾਰ ਅੱਲੂ ਅਰਜੁਨ ਬਾਰੇ ਕਾਫੀ ਹੈਰਾਨ ਕਰਨ ਵਾਲੀ ਖਬਰ ਸੁਣਨ ਨੂੰ ਮਿਲ ਰਹੀ ਹੈ, ਦਰਅਸਲ, ਸੰਧਿਆ ਥੀਏਟਰ ਭਗਦੜ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਦੱਖਣੀ ਸੁਪਰਸਟਾਰ ਅੱਲੂ ਅਰਜੁਨ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਇਸ ਤੋਂ ਪਹਿਲਾਂ ਅੱਲੂ ਅਰਜੁਨ ਨੇ 4 ਦਸੰਬਰ ਨੂੰ 'ਪੁਸ਼ਪਾ 2' ਦੇ ਪ੍ਰੀਮੀਅਰ ਸ਼ੋਅ ਦੌਰਾਨ ਭਗਦੜ ਦੇ ਮਾਮਲੇ ਦੇ ਸੰਬੰਧ ਵਿੱਚ ਹੈਦਰਾਬਾਦ ਪੁਲਿਸ ਦੁਆਰਾ ਦਰਜ ਕੀਤੇ ਗਏ ਕੇਸ ਨੂੰ ਰੱਦ ਕਰਨ ਲਈ ਤੇਲੰਗਾਨਾ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ।
ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਨੂੰ ਪੁਲਿਸ ਨੇ ਹੈਦਰਾਬਾਦ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਹਿਰਾਸਤ 'ਚ ਲਿਆ ਹੈ। ਉਸਨੂੰ ਉਸਦੇ ਪਿਤਾ ਮਸ਼ਹੂਰ ਫਿਲਮ ਨਿਰਮਾਤਾ ਅੱਲੂ ਅਰਵਿੰਦ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਚਿੱਕੜਪੱਲੀ ਪੁਲਿਸ ਸਟੇਸ਼ਨ ਲਿਜਾਇਆ ਗਿਆ। ਤਾਜ਼ਾ ਅਪਡੇਟਸ ਦੇ ਅਨੁਸਾਰ 41 ਸਾਲਾਂ ਅਦਾਕਾਰ ਨੂੰ ਡਾਕਟਰੀ ਜਾਂਚ ਲਈ ਲਿਜਾਇਆ ਗਿਆ। ਗਾਂਧੀ ਹਸਪਤਾਲ ਦੇ ਸੁਪਰਡੈਂਟ ਦੀ ਨਿਗਰਾਨੀ ਹੇਠ ਅਦਾਕਾਰ ਦੀ ਮੈਡੀਕਲ ਜਾਂਚ ਕਰਵਾਈ ਗਈ। ਹੁਣ ਉਸ ਨੂੰ ਨਾਮਪੱਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅੱਲੂ ਅਰਜੁਨ ਦੀ ਗ੍ਰਿਫਤਾਰੀ ਤੋਂ ਬਾਅਦ ਮੈਗਾਸਟਾਰ ਚਿਰੰਜੀਵੀ, ਉਸ ਦੇ ਅਦਾਕਾਰ ਪੁੱਤਰ ਰਾਮ ਚਰਨ ਅੱਲੂ ਪਰਿਵਾਰ ਨੂੰ ਮਿਲਣ ਗਏ।
ਕੀ ਹੈ ਪੂਰਾ ਮਾਮਲਾ
ਉਲੇਖਯੋਗ ਹੈ ਕਿ ਅੱਲੂ ਅਰਜੁਨ ਦੀ ਫਿਲਮ 'ਪੁਸ਼ਪਾ 2' ਦੇ ਪ੍ਰੀਮੀਅਰ ਸ਼ੋਅ ਦੌਰਾਨ ਸੰਧਿਆ ਥੀਏਟਰ ਵਿੱਚ ਭਗਦੜ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ ਸੀ ਅਤੇ ਉਸਦਾ ਪੁੱਤਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਪੁਲਿਸ ਨੇ ਅੱਲੂ ਅਰਜੁਨ, ਉਸਦੀ ਸੁਰੱਖਿਆ ਟੀਮ ਅਤੇ ਥੀਏਟਰ ਦੇ ਪ੍ਰਬੰਧਕਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ।