ਚੰਡੀਗੜ੍ਹ: ਪੰਜਾਬੀ ਸਿਨੇਮਾ ਹੋਵੇ ਜਾਂ ਫਿਰ ਟੈਲੀਵਿਜ਼ਨ, ਦੋਹਾਂ ਹੀ ਖੇਤਰਾਂ ਵਿੱਚ ਨਵੇਂ ਦਿਸਹਿੱਦੇ ਸਿਰਜ ਰਹੇ ਹਨ ਅਦਾਕਾਰ ਅਮਨ ਸੁਤਧਾਰ, ਜਿੰਨ੍ਹਾਂ ਦੇ ਉਤਰਾਅ ਚੜਾਅ ਭਰੇ ਰਹੇ ਹੁਣ ਤੱਕ ਦੇ ਸਫ਼ਰ ਅਤੇ ਅਗਾਮੀ ਪ੍ਰੋਜੈਕਟਸ ਉਤੇ ਕੇਂਦਰਿਤ ਹੈ ਈਟੀਵੀ ਭਾਰਤ ਦੀ ਉਨ੍ਹਾਂ ਨਾਲ ਕੀਤੀ ਗਈ ਇਹ ਵਿਸ਼ੇਸ਼ ਗੱਲਬਾਤ:
ਪੰਜਾਬੀ ਫਿਲਮ ਉਦਯੋਗ ਵਿੱਚ 18 ਸਾਲਾਂ ਦਾ ਮਾਣ ਭਰਿਆ ਸਿਨੇਮਾ ਸਫ਼ਰ ਹੰਢਾਂ ਚੁੱਕੇ ਹਨ ਇਹ ਹੋਣਹਾਰ ਅਦਾਕਾਰ, ਜਿੰਨ੍ਹਾਂ ਦਾ ਜਨਮ ਮਾਲਵਾ ਦੇ ਜਿਲ੍ਹੇ ਮੋਗਾ ਵਿੱਚ ਹੋਇਆ, ਪਰ ਉਨ੍ਹਾਂ ਦਾ ਪਾਲਣ-ਪੋਸ਼ਣ ਉਦਯੋਗਿਕ ਸ਼ਹਿਰ ਮੰਨੇ ਜਾਂਦੇ ਲੁਧਿਆਣਾ ਵਿੱਚ ਹੋਇਆ। 'ਝੂਠੀ ਹੈ ਤੂੰ ਝੂਠੀ ਸੱਚੀ ਨਹੀਂ' ਅਤੇ 'ਮੈਂ ਕਿਹਾ ਚੰਨ ਜੀ ਸਲਾਮ' ਵਰਗੇ ਸੰਗੀਤਕ ਵੀਡੀਓਜ਼ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਦੇ ਹੋਏ, ਉਨ੍ਹਾਂ 'ਖਾੜਕੂਵਾਦ', 'ਨਿੱਧੀ ਸਿੰਘ' ਅਤੇ 'ਆਸ਼ਿਕੀ ਨਾਟ ਅਲਾਊਡ', 'ਜ਼ਖਮੀ' ਅਤੇ 'ਜ਼ੋਰਾ 10 ਨੰਬਰੀਆ' ਵਰਗੀਆਂ ਕਈ ਬਹੁ-ਚਰਚਿਤ ਪੰਜਾਬੀ ਫਿਲਮਾਂ ਵਿੱਚ ਵੀ ਅਪਣੀ ਅਦਾਕਾਰੀ ਕਲਾ ਦਾ ਲੋਹਾ ਮੰਨਵਾਇਆ ਹੈ।
ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈ ਬਹੁ-ਚਰਚਿਤ ਪੰਜਾਬੀ ਫਿਲਮ 'ਸ਼ਰੀਕ 2' ਵਿੱਚ ਪ੍ਰਭਾਵੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਅਮਨ ਸੁਤਧਾਰ ਅੱਜ ਟੈਲੀਵਿਜ਼ਨ ਦੀ ਦੁਨੀਆਂ ਵਿੱਚ ਵੀ ਅਪਣੀ ਸ਼ਾਨਦਾਰ ਆਮਦ ਦਾ ਇਜ਼ਹਾਰ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਨੂੰ ਕਰਵਾ ਚੁੱਕੇ ਹਨ, ਜਿੰਨ੍ਹਾਂ ਵੱਲੋਂ ਕੀਤੇ ਸੀਰੀਅਲਜ਼ ਨੇ ਉਨ੍ਹਾਂ ਦੇ ਅਦਾਕਾਰੀ ਦਾਇਰੇ ਨੂੰ ਵਿਸ਼ਾਲਤਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਵਿੱਚ ਕਲਰਜ ਚੈੱਨਲ ਦੇ ਜਨੂੰਨੀਅਤ ਤੋਂ ਇਲਾਵਾ 'ਬਾਦਲ ਪੇ ਪਾਂਵ ਹੈ', ਜਿੰਨ੍ਹਾਂ ਦਾ ਨਿਰਮਾਣ ਸਰਗੁਣ ਮਹਿਤਾ ਅਤੇ ਉਨ੍ਹਾਂ ਦੇ ਪਤੀ ਰਵੀ ਦੂਬੇ ਵੱਲੋਂ ਕੀਤਾ ਗਿਆ।