ਨਵੀਂ ਦਿੱਲੀ—ਦਿੱਲੀ ਹਾਈ ਕੋਰਟ ਨੇ ਇਕ ਨਿੱਜੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਭਗਵਾਨ ਹਨੂੰਮਾਨ ਨੂੰ ਸਹਿ-ਮੁਦਈ ਬਣਾਉਣ 'ਤੇ ਪਟੀਸ਼ਨਕਰਤਾ 'ਤੇ ਇਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜਸਟਿਸ ਸੀ ਹਰੀਸ਼ੰਕਰ ਦੀ ਅਗਵਾਈ ਵਾਲੇ ਬੈਂਚ ਨੇ ਵੀ ਪਟੀਸ਼ਨ ਰੱਦ ਕਰ ਦਿੱਤੀ। ਪਟੀਸ਼ਨਕਰਤਾ ਨੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਇਹ ਮਾਮਲਾ ਉੱਤਮ ਨਗਰ ਦੀ ਜੈਨ ਕਾਲੋਨੀ ਦੇ ਪਾਰਟ ਵਨ 'ਚ ਇਕ ਜਾਇਦਾਦ ਨਾਲ ਸਬੰਧਤ ਹੈ।
ਪਟੀਸ਼ਨ 'ਚ ਕਿਹਾ ਗਿਆ ਹੈ ਕਿ ਜਾਇਦਾਦ 'ਤੇ ਜਨਤਕ ਹਨੂੰਮਾਨ ਮੰਦਿਰ ਹੈ। ਇਸ ਲਈ ਇਹ ਜ਼ਮੀਨ ਭਗਵਾਨ ਹਨੂੰਮਾਨ ਦੀ ਹੈ ਅਤੇ ਪਟੀਸ਼ਨਕਰਤਾ ਨੇ ਭਗਵਾਨ ਹਨੂੰਮਾਨ ਦੇ ਕਰੀਬੀ ਦੋਸਤ ਅਤੇ ਭਗਤ ਹੋਣ ਦੇ ਨਾਤੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਸੁਣਵਾਈ ਦੌਰਾਨ ਹਾਈਕੋਰਟ ਨੇ ਕਿਹਾ ਕਿ ਪਟੀਸ਼ਨਰ ਨੇ ਜਾਇਦਾਦ ਹਥਿਆਉਣ ਦੇ ਇਰਾਦੇ ਨਾਲ ਸਾਜ਼ਿਸ਼ ਰਚੀ ਅਤੇ ਜ਼ਮੀਨ ਦੇ ਮੌਜੂਦਾ ਕਾਬਜ਼ਕਾਰਾਂ ਨਾਲ ਮਿਲੀਭੁਗਤ ਕੀਤੀ। ਤਾਂ ਜੋ ਮੁਕੱਦਮੇ ਤੋਂ ਬਾਅਦ ਬਚਾਅ ਪੱਖ ਨੂੰ ਦੁਬਾਰਾ ਕਬਜ਼ਾ ਲੈਣ ਤੋਂ ਰੋਕਿਆ ਜਾ ਸਕੇ।