ਮੁਕਤਸਰ: ਪਿੰਡ ਮੱਲ੍ਹਣ ਦੀ ਇੱਕ ਬਜ਼ੁਰਗ ਮਾਂ ਜਿਸ ਦਾ ਬੇਟਾ 12 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਖਾਤਿਰ ਸਾਊਦੀ ਅਰਬ ਦੇਸ਼ ਵਿੱਚ ਗਿਆ ਸੀ ਉਹ ਮਾਂ ਆਪਣੇ ਬੇਟੇ ਦੀ ਘਰ ਵਾਪਸੀ ਦੀ ਉਡੀਕ ਕਰ ਰਹੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਉਸ ਮਾਂ ਨੂੰ ਇੱਕ ਫੋਨ ਰਾਹੀਂ ਪਤਾ ਲੱਗਾ ਕਿ ਉਸ ਦਾ ਬੇਟਾ ਸਾਊਦੀ ਅਰਬ ਵਿੱਚ ਕਤਲ ਕੇਸ ਵਿੱਚ ਪੰਜ ਸਾਲ ਤੋਂ ਜੇਲ੍ਹ ਵਿੱਚ ਕੈਦ ਸੀ ਪਰ ਹੁਣ ਉਸ ਨੂੰ ਕਤਲ ਹੋਏ ਵਿਅਕਤੀ ਦੇ ਪਰਿਵਾਰ ਵੱਲੋਂ ਬਲੱਡ ਮਨੀ ਦੇ ਰੂਪ ਵਿੱਚ ਭਾਰਤੀ ਕਰੰਸੀ ਦੇ ਇੱਕ ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ।
ਇਹ ਪੈਸੇ ਜੇਕਰ ਨਾ ਦਿੱਤੇ ਗਏ ਤਾਂ ਉਨ੍ਹਾਂ ਦੇ ਪੁੱਤਰ ਬਲਵਿੰਦਰ ਸਿੰਘ ਦਾ ਸਿਰ ਅਦਾਲਤੀ ਹੁਕਮਾਂ ਅਨੁਸਾਰ ਕਲਮ ਕਰ ਦਿੱਤਾ ਜਾਵੇਗਾ, ਜਿਸ ਦਾ ਡਰ ਉਸ ਬਜ਼ੁਰਗ ਮਾਂ ਨੂੰ ਸਤਾ ਰਿਹਾ ਹੈ। ਬਲਵਿੰਦਰ ਸਿੰਘ ਦੇ ਪਰਿਵਾਰ ਵਿੱਚ ਇੱਕ ਭੈਣ ਇੱਕ ਭਰਾ ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ, ਕਰੀਬ ਦੋ ਸਾਲ ਪਹਿਲਾਂ ਬਲਵਿੰਦਰ ਦੇ ਬਜ਼ੁਰਗ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ। ਬਲਵਿੰਦਰ ਦਾ ਵੱਡਾ ਭਰਾ ਜੋ ਕਿ ਡਰਾਈਵਰੀ ਕਰਦਾ ਹੈ ਜਿਸ ਦੀ ਤਨਖ਼ਾਹ ਸੱਤ ਹਜ਼ਾਰ ਹੈ ਜਿਸ ਨਾਲ ਘਰ ਦਾ ਗੁਜ਼ਾਰਾ ਬੜੀ ਹੀ ਮੁਸ਼ਕਿਲ ਦੇ ਨਾਲ ਹੁੰਦਾ ਹੈ।
ਬਲਵਿੰਦਰ ਦੀ ਮਾਂ ਨੇ ਦੱਸਿਆ ਕਿ ਬਲਵਿੰਦਰ ਦੇ ਮਾਮੇ ਨੇ ਉਸ ਨੂੰ ਆਪਣੇ ਕੋਲੋਂ ਪੈਸੇ ਲਗਾ ਕੇ ਸਾਊਦੀ ਅਰਬ ਭੇਜਿਆ ਸੀ ਪਰ ਪਤਾ ਨਹੀਂ ਉਹ ਉੱਥੇ ਕਿਸ ਤਰ੍ਹਾਂ ਇਸ ਕਤਲ ਕੇਸ ਵਿੱਚ ਫਸ ਗਿਆ ਅਤੇ ਹੁਣ ਬਲਵਿੰਦਰ ਸਿੰਘ ਦੀ ਮਾਤਾ ਆਪਣੇ ਬੇਟੇ ਦੀ ਸਲਾਮਤੀ ਲਈ ਸਰਕਾਰ ਅਤੇ ਦਾਨੀ ਸੱਜਣਾ ਨੂੰ ਹੱਥ ਜੋੜ ਕੇ ਅਪੀਲ ਕਰ ਰਹੀ ਹੈ ਕਿ ਕੋਈ ਵੀ ਸੰਸਥਾ ਜਾਂ ਸਰਕਾਰ ਇਸ ਕੰਮ ਲਈ ਅੱਗੇ ਆਵੇ ਅਤੇ ਉਨ੍ਹਾਂ ਦੇ ਬੇਟੇ ਦੀ ਜ਼ਿੰਦਗੀ ਬਚ ਜਾਵੇ।
ਇਸ ਗੱਲ ਦਾ ਪਤਾ ਲੱਗਦੇ ਹੀ ਪਿੰਡ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਪਿੰਡ ਦਾ ਹਰ ਇੱਕ ਆਦਮੀ ਰੱਬ ਅੱਗੇ ਇਹੀ ਅਰਦਾਸ ਕਰ ਰਿਹਾ ਹੈ ਕਿ ਬਲਵਿੰਦਰ ਸਿੰਘ ਸਹੀ ਸਲਾਮਤ ਆਪਣੇ ਘਰ ਵਾਪਸ ਆ ਜਾਵੇ। ਇਸ ਮੌਕੇ ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਬਲਵਿੰਦਰ ਦਾ ਪਰਿਵਾਰ ਬਹੁਤ ਹੀ ਗ਼ਰੀਬ ਹੈ ਜੋ ਕਿ ਇੰਨੀ ਸਮਰੱਥਾ ਨਹੀਂ ਰੱਖਦਾ ਕਿ ਉਸ ਨੂੰ ਛੁਡਵਾਉਣ ਲਈ ਇੱਕ ਕਰੋੜ ਰੁਪਏ ਭਰ ਸਕੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਅੱਗੇ ਇਹੀ ਅਪੀਲ ਹੈ ਕਿ ਉਨ੍ਹਾਂ ਦੇ ਪਿੰਡ ਦੇ ਨੌਜਵਾਨ ਜੋ ਕਿ ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਹੈ ਨੂੰ ਜਲਦ ਤੋਂ ਜਲਦ ਸਾਊਦੀ ਅਰਬ ਦੀ ਜੇਲ੍ਹ ਵਿੱਚੋਂ ਰਿਹਾਅ ਕਰਵਾਇਆ ਜਾਵੇ ਤਾਂ ਜੋ ਉਹ ਆਪਣੇ ਘਰ ਆ ਕੇ ਆਪਣੀ ਮਾਂ ਦਾ ਸਹਾਰਾ ਬਣ ਸਕੇ।