ਲੁਧਿਆਣਾ: ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਨੂੰ ਲੁਧਿਆਣਾ ਦੀ ਅਦਾਲਤ ਵੱਲੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਉਸ ਨੂੰ 23 ਦਸੰਬਰ 1995 ਦੇ ਆਰਡੀਐਕਸ ਕੇਸ ਅਤੇ ਏ.ਕੇ 56 ਮਾਮਲੇ ਵਿੱਚ ਬਰੀ ਕਰ ਦਿੱਤਾ ਹੈ।
23 ਦਸੰਬਰ 1995 ਦੇ ਘੰਟਾ ਘਰ ਚੌਕ ਨੇੜੇ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਕੋਤਵਾਲੀ ਥਾਣੇ ਵੱਲੋਂ ਜਗਤਾਰ ਸਿੰਘ ਹਵਾਰਾ ਤੋਂ ਪੁੱਛਗਿੱਛ ਦੌਰਾਨ ਬੁੱਢੇ ਨਾਲੇ ਦੇ ਨੇੜੇ ਕੁੰਦਨਪੁਰੀ ਇਲਾਕੇ ਤੋਂ ਪੰਜ ਕਿਲੋ ਆਰ.ਡੀ.ਐਕਸ ਅਤੇ ਇੱਕ ਏ.ਕੇ 56 ਅਤੇ 60 ਕਾਰਤੂਸ ਬਰਾਮਦ ਹੋਣ ਦੇ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਨੇ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ।
ਇਸ ਸਬੰਧੀ ਸੀਨੀਅਰ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਰੁਣਵੀਰ ਵਸ਼ਿਸ਼ਟ ਐੱਸ ਜੇ 1 ਨੇ ਇਹ ਫੈਸਲਾ ਸੁਣਾਇਆ। ਇਸ ਮਾਮਲੇ ਵਿੱਚ 313 ਲੋਕਾਂ ਦੀਆਂ ਗਵਾਹੀਆਂ ਹੋਈਆਂ ਸਨ ਅਤੇ ਜਗਤਾਰ ਸਿੰਘ ਹਵਾਰਾ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਜਾਂਦਾ ਸੀ ਜਿਸ ਤੋਂ ਬਾਅਦ ਇਸ ਮਾਮਲੇ ਉੱਤੇ ਪਰਸੋਂ ਹੀ ਸੁਣਵਾਈ ਪੂਰੀ ਹੋ ਗਈ ਸੀ ਅਤੇ ਅੱਜ ਅਦਾਲਤ ਨੇ ਇਹ ਫੈਸਲਾ ਸੁਣਾ ਦਿੱਤਾ।