ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਪ੍ਰਵੇਸ਼ ਕਰਨ ਵਾਲੇ ਸਾਰੇ ਯਾਤਰੀਆਂ ਲਈ 6-7 ਜੁਲਾਈ ਦੀ ਅੱਧੀ ਰਾਤ ਤੋਂ ਈ-ਰਜਿਸਟ੍ਰੇਸ਼ਨ ਦੀ ਪ੍ਰਕ੍ਰਿਆ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਬਾਬਤ ਆਮ ਲੋਕਾਂ ਵੱਲੋਂ ਬਹੁਤ ਸਾਰੀਆਂ ਸ਼ੰਕਾਵਾਂ ਅਤੇ ਸਵਾਲ ਕੀਤੇ ਜਾ ਰਹੇ ਸਨ। ਲੋਕਾਂ ਦੀਆਂ ਇਨ੍ਹਾਂ ਸ਼ੰਕਾਵਾਂ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਵੱਲੋਂ http://cova.punjab.gov.in/FAQs ਵੈੱਬਸਾਈਟ ‘ਤੇ ਵਿਸਥਾਰ ਵਿੱਚ ਜਾਣਕਾਰੀ ਅੱਪਲੋਡ ਕਰ ਦਿੱਤੀ ਗਈ ਹੈ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਪੁੱਛ ਰਹੇ ਸਨ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਸਫ਼ਰ ਕਰਨ ਲਈ ਕੀ ਈ-ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੈ ਜਾਂ ਨਹੀਂ ਅਤੇ ਜੇਕਰ ਕੋਈ ਬਾਹਰਲੇ ਸੂਬੇ ਦਾ ਵਿਅਕਤੀ ਪੰਜਾਬ ਵਿੱਚ ਆ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਵਾਪਸ ਜਾਣਾ ਚਾਹੁੰਦਾ ਹੈ, ਤਾਂ ਇਸ ਦੀ ਕੀ ਪ੍ਰਕਿਰਿਆ ਹੈ। ਉਨ੍ਹਾਂ ਦੱਸਿਆ ਕਿ ਅਜਿਹੀਆਂ ਸ਼ੰਕਾਵਾਂ ਅਤੇ ਸਵਾਲਾਂ ਦੇ ਵਿਸਥਾਰ ਵਿੱਚ ਜਵਾਬ ਉਪਰੋਕਤ ਵੈੱਬਲਿੰਕ ‘ਤੇ ਪਾ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਆਮ ਪੁੱਛੇ ਜਾਣ ਵਾਲੇ 13 ਅਜਿਹੇ ਸਵਾਲਾਂ ਦੇ ਜਵਾਬ ਅੱਪਲੋਡ ਕੀਤੇ ਗਏ ਹਨ ਜਿਨ੍ਹਾਂ ਬਾਰੇ ਲੋਕਾਂ ਦੇ ਮਨਾਂ ਵਿੱਚ ਕੋਈ ਸ਼ੰਕਾ ਹੈ।
ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਸਿਹਤ ਪ੍ਰਤੀ ਫਿਕਰਮੰਦ ਹੈ। ਇਸ ਲਈ ਪੰਜਾਬ ਆਉਣ ਵਾਲੇ ਯਾਤਰੀਆਂ, ਵਸਨੀਕਾਂ ਬਾਰੇ ਸਾਰੇ ਲੋੜੀਂਦੇ ਵੇਰਵਿਆਂ ਨੂੰ ਸਬੰਧਤ ਸਿਹਤ ਅਧਿਕਾਰੀਆਂ ਅਤੇ ਪੁਲਿਸ ਥਾਣਿਆਂ ਨਾਲ ਸਾਂਝਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਬੰਧਤ ਪੁਲਿਸ ਥਾਣਿਆਂ ਵੱਲੋਂ ਆਉਣ ਵਾਲੇ ਯਾਤਰੀਆਂ ਵੱਲੋਂ ਦਿੱਤੇ ਪਤੇ ’ਤੇ ਵਿਵਹਾਰਕ ਅਤੇ ਤਕਨੀਕੀ ਢੰਗ ਰਾਹੀਂ ਨਿਰੰਤਰ ਨਿਗਰਾਨੀ ਰੱਖੀ ਜਾਵੇਗੀ ਤਾਂ ਕਿ ਪੰਜਾਬ ਦੇ ਲੋਕਾਂ ਦੀ ਸਿਹਤ ਤੇ ਸੁਰੱਖਿਆ ਦੇ ਨਾਲ-ਨਾਲ ਯਾਤਰੀਆਂ ਦੀ ਸਲਾਮਤੀ ਯਕੀਨੀ ਬਣਾਈ ਜਾ ਸਕੇ।
ਉਨ੍ਹਾਂ ਦੱਸਿਆ ਕਿ ਜਿਹੜੇ ਸਵਾਲਾਂ ਦੇ ਜਵਾਬ ਅੱਪਲੋਡ ਕੀਤੇ ਗਏ ਹਨ। ਉਨ੍ਹਾਂ ਵਿੱਚ ‘ਪੰਜਾਬ ਵਿਚੋਂ ਹੋ ਕੇ ਅੱਗੇ ਲੰਘਣ ਵਾਲਿਆਂ ਲਈ ਕੀ ਨਿਯਮ ਹਨ', ‘ਕੀ ਪੰਜਾਬ ਵਿੱਚ ਦਾਖ਼ਲ ਹੋਣ ਸਮੇਂ ਕੋਵਿਡ ਟੈਸਟ ਹੋਵੇਗਾ ਜਾਂ ਨਹੀਂ’, ਚੰਡੀਗੜ੍ਹ ਤੋਂ ਪੰਜਾਬ ਆਉਣ ਵਾਲਿਆਂ ਲਈ ਕੀ ਨਿਯਮ ਹਨ’ ਤੇ ‘ਜੇਕਰ ਕੋਈ ਵਿਅਕਤੀ ਪੰਜਾਬ ਤੋਂ ਬਾਹਰ ਨੌਕਰੀ ਲਈ ਜਾ ਰਿਹਾ ਹੈ ਤਾਂ ਉਸ ਲਈ ਕੀ ਪ੍ਰਕਿਰਿਆ ਹੈ’। ਦੱਸਣਯੋਗ ਹੈ ਕਿ ਈ-ਰਜਿਸਟ੍ਰੇਸ਼ਨ ਲਈ ਕੋਵਾ ਐਪ ਜਾਂ ਵੈਬਲਿੰਕ ਰਾਹੀਂ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।