ਨਵੀਂ ਦਿੱਲੀ: ਆਈਐਨਐਕਸ ਮੀਡੀਆ ਘੁਟਾਲੇ 'ਚ ਗ੍ਰਿਫਤਾਰ ਹੋਏ ਪੀ ਚਿਦੰਬਰਮ ਨਾਲ ਗੱਲਬਾਤ ਕਰਨ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤਿਹਾੜ ਜੇਲ੍ਹ ਪਹੁੰਚੇ। ਦੱਸਣਯੋਗ ਹੈ ਕਿ ਚਿਦੰਬਰਮ ਦੀ ਜ਼ਮਾਨਤ ਅਰਜ਼ੀ 'ਤੇ ਅੱਜ ਸੁਣਵਾਈ ਹੋਵੇਗੀ। ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੀ ਆਈਐਨਐਕਸ ਮੀਡੀਆ ਘੁਟਾਲਾ ਮਾਮਲੇ 'ਚ ਨਿਆਇਕ ਹਿਰਾਸਤ ਦੀ ਮਿਆਦ 'ਚ ਵਾਧਾ ਕੀਤਾ ਗਿਆ ਸੀ ਜਿਸ ਕਾਰਨ ਹੁਣ ਉਹ ਤਿੰਨ ਅਕਤੂਬਰ ਤਕ ਜੇਲ੍ਹ 'ਚ ਹੀ ਰਹਿਣਗੇ।
ਆਈਐਨਐਕਸ ਮੀਡੀਆ ਘੁਟਾਲੇ ਅਤੇ ਧਨ ਸ਼ੋਧਨ ਮਾਮਲੇ ਦੀ ਘਟਨਾ ਦਾ ਵੇਰਵਾ ਇਸ ਤਰ੍ਹਾਂ ਹੈ:
- 15 ਮਈ 2017: ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਵਿਦੇਸ਼ੀ ਨਿਵੇਸ਼ ਪ੍ਰਮੋਸ਼ਨ ਬੋਰਡ(ਐਫਆਈਪੀਬੀ) ਦੀ 2007 'ਚ 305 ਕਰੋੜ ਰੁਪਏ ਦੇ ਵਿਦੇਸ਼ੀ ਫੰਡਾਂ ਦੀ ਪ੍ਰਾਪਤੀ ਲਈ ਮਨਜ਼ੂਰੀ ਲੈਣ ਦਾ ਦੋਸ਼ ਲਾਇਆ ਸੀ।
- ਆਈਐਨਐਕਸ ਮੀਡੀਆ ਕੇਸ 'ਚ ਬੇਨਿਯਮੀਆਂ ਲਈ ਐਫਆਈਆਰ ਦਰਜ ਕੀਤੀ ਗਈ। ਇਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਇਸ ਸੰਬੰਧ 'ਚ ਮਨੀ ਲਾਂਡਰਿੰਗ ਦਾ ਕੇਸ ਦਾਇਰ ਕੀਤਾ ਸੀ।
- 26 ਫਰਵਰੀ 2018: ਸੀਬੀਆਈ ਨੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਮਬਰਮ ਨੂੰ ਚੇਨੱਈ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ।
- 23 ਮਾਰਚ 2018: ਕਾਰਤੀ ਨੂੰ ਦਿੱਲੀ ਹਾਈ ਕੋਰਟ ਤੋਂ ਜ਼ਮਾਨਤ ਮਿਲੀ।
- 30 ਮਈ 2018: ਪੀ. ਚਿਦੰਬਰਮ ਨੇ ਦਿੱਲੀ ਹਾਈ ਕੋਰਟ ਦਾ ਰੁਖ ਕਰ ਸੀਬੀਆਈ ਵੱਲੋਂ ਦਾਇਰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਅਗਾਉਂ ਜ਼ਮਾਨਤ ਮੰਗੀ।
- 23ਜੁਲਾਈ2018: ਈਡੀ ਰਾਹੀਂ ਦਰਜ ਧਨ ਸ਼ੋਧਨ ਮਾਮਲੇ 'ਚ ਅਗਾਉਂ ਜ਼ਮਾਨਤ ਲਈ ਸੁਪਰੀਮ ਕੋਰਟ ਪਹੁੰਚੇ।
- 25 ਜੁਲਾਈ 2018: ਅਦਾਲਤ ਨੇ ਦੋਵਾਂ ਮਾਮਲਿਆਂ 'ਚ ਗ੍ਰਿਫਤਾਰੀ ਤੋਂ ਅੰਤਰਿਮ ਸੁਰੱਖਿਆ ਪ੍ਰਦਾਨ ਕੀਤੀ।
- 25 ਜਨਵਰੀ 2019: ਅਦਾਲਤ ਨੇ ਦੋਵਾਂ ਮਾਮਲਿਆਂ ਵਿੱਚ ਅਗਾਉਂ ਜ਼ਮਾਨਤ ’ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ।
- 20 ਅਗਸਤ 2019: ਹਾਈ ਕੋਰਟ ਨੇ ਪੀ ਚਿਦੰਬਰਮ ਦੀ ਅਗਾਉਂ ਜ਼ਮਾਨਤ ਪਟੀਸ਼ਨਾਂ ਖਾਰਜ ਕਰ ਦਿੱਤੀਆਂ।
- 21 ਅਗਸਤ 2019: ਪੀ. ਚਿਦੰਬਰਮ ਨੇ ਹਾਈ ਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ 'ਚ ਅਪੀਲ ਦਾਇਰ ਕੀਤੀ। ਉਨ੍ਹਾਂ ਦੇ ਵਕੀਲਾਂ ਨੇ ਉਸੇ ਦਿਨ ਕੇਸ ਦੀ ਸੁਣਵਾਈ ਲਈ ਸੂਚੀਬੱਧ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਅਤੇ ਮਾਮਲੇ ਨੂੰ 23 ਅਗਸਤ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ। ਸੀਬੀਆਈ ਨੇ ਰਾਤ ਨੂੰ ਕਾਂਗਰਸੀ ਨੇਤਾ ਨੂੰ ਗ੍ਰਿਫਤਾਰ ਕਰ ਲਿਆ।
- 22 ਅਗਸਤ 2019: ਪੀ. ਚਿਦੰਬਰਮ ਨੂੰ ਦਿੱਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸਨੇ ਉਸਨੂੰ ਚਾਰ ਦਿਨਾਂ ਦੀ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ।
ਚਿਦੰਬਰਮ ਫਿਲਹਾਲ 3 ਅਕਤੂਬਰ ਤੱਕ ਨਿਆਂਇਕ ਹਿਰਾਸਤ 'ਚ ਤਿਹਾੜ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੂੰ ਸੀਬੀਆਈ ਨੇ 21 ਅਗਸਤ ਨੂੰ ਜ਼ੋਰਬਾਗ ਸਥਿਤ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਫੜ੍ਹੇ ਗਏ 4 ਅੱਤਵਾਦੀਆਂ ਦੀ ਪੇਸ਼ੀ ਅੱਜ