ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦਿੱਲੀ ਦੇ ਜਾਮੀਆ ਤੋਂ ਬਾਅਦ ਸੀਲਮਪੁਰ ਇਲਾਕੇ ਵਿੱਚ ਹੰਗਾਮਾ ਹੋ ਗਿਆ ਹੈ। ਨਾਗਰਿਕਤਾ ਕਾਨੂੰਨ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਇਲਾਕੇ ਵਿੱਚ ਕਰੀਬ 2 ਹਜ਼ਾਰ ਲੋਕ ਇਕੱਠੇ ਹੋ ਗਏ। ਭੀੜ ਨੇ ਸੀਲਮਪੁਰ ਟੀ ਪੁਆਇੰਟ ਤੋਂ ਲੈ ਕੇ ਜਾਫਰਾਬਾਦ ਟੀ ਪੁਆਇੰਟ ਦੇ ਵਿੱਚ ਪਥਰਾਅ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਗੱਡੀਆਂ ਦੀ ਤੋੜ-ਭੰਨ ਕੀਤੀ ਤੇ ਕਈ ਥਾਵਾਂ 'ਤੇ ਅੱਗ ਵੀ ਲਗਾਈ ਅਤੇ ਪੱਥਰਬਾਜ਼ੀ 'ਚ 2 ਪੁਲਿਸਕਰਮੀ ਵੀ ਜ਼ਖ਼ਮੀ ਹੋਏ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਭਾਰੀ ਗਿਣਤੀ ਵਿੱਚ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਹੰਗਾਮੇ ਤੋਂ ਬਾਅਦ ਜਾਫਰਾਬਾਦ, ਮੌਜਪੁਰ-ਬਾਬਰਪੁਰ ਸੈਟਰੋ ਸਟੇਸ਼ਨਾਂ ਦੇ ਆਉਣ ਜਾਣ ਵਾਲੇ ਗੇਟ ਬੰਦ ਕਰ ਦਿੱਤੇ ਹਨ।
ਦੱਸਣਯੋਗ ਹੈ ਕਿ ਸੀਲਮਪੁਰ ਇਲਾਕੇ ਵਿੱਚ ਮੰਗਲਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਰੈਲੀ ਕੱਢੀ ਗਈ ਸੀ ਜਿਸ ਦੌਰਾਨ ਸਥਾਨਕ ਲੋਕਾਂ ਨੇ ਪੁਲਿਸ 'ਤੇ ਪਥਰਾਅ ਕੀਤਾ। ਭੀੜ ਨੂੰ ਭਜਾਉਣ ਲਈ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਛੱਡੇ।