ਕਾਨਪੁਰ: ਡਕੈਤੀ ਛੱਡ ਸੰਸਦ ਮੈਂਬਰ ਬਣੀ ਫੂਲਨ ਦੇਵੀ ਵਿਰੁੱਧ 40 ਸਾਲ ਪੁਰਾਣੇ ਬੇਹਮਈ ਕਤਲਕਾਂਡ ਮਾਮਲੇ 'ਚ ਕਾਨਪੁਰ ਦੀ ਇੱਕ ਵਿਸ਼ੇਸ਼ ਅਦਾਲਤ ਸ਼ਨੀਵਾਰ ਨੂੰ ਫੈਸਲਾ ਸੁਣਾ ਸਕਦੀ ਹੈ। ਕੁੱਲ 35 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੇ ਸਿਰਫ਼ 4 ਮੁਲਜ਼ਮ ਹੀ ਬਚੇ ਹਨ। ਤਿੰਨ ਹਾਲੇ ਵੀ ਫਰਾਰ ਹਨ। ਇਸ ਕਤਲਕਾਂਡ 20 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ।
ਵਕੀਲ ਰਾਜੀਵ ਪੋਰਵਾਲ ਨੇ ਸ਼ੁੱਕਰਵਾਰ ਨੂੰ ਦੱਸਿਆ, "ਸਾਨੂੰ ਕਾਫ਼ੀ ਉਮੀਦ ਹੈ ਕਿ ਬੇਹਮਈ ਕਤਲਕਾਂਡ 'ਚ ਅਦਾਲਤ ਸ਼ਨੀਵਾਰ ਨੂੰ ਆਪਣਾ ਫੈਸਲਾ ਸੁਣਾਏਗੀ। ਬਚਾਅਪੱਖ ਦੇ ਵਕੀਲ ਗਿਰੀਸ਼ ਨਰਾਇਣ ਦੁਬੇ ਨੇ ਸੁਪਰੀਮ ਕੋਰਟ ਤੇ ਇਲਾਹਾਬਾਦ ਹਾਈ ਕੋਰਟ ਦੀਆਂ ਕੁੱਝ ਤੈਅ ਵਿਵਸਥਾਵਾਂ ਦਾ ਹਵਾਲਾ ਦਿੰਦੇ ਹੋਏ ਵਿਸ਼ੇਸ਼ ਅਦਾਲਤ ਨੂੰ ਦੱਸਿਆ ਕਿ ਉਹ ਬੇਹਮਈ ਕਤਲਕਾਂਡ ਮਾਮਲੇ ਚ ਫੈਸਲਾ ਸੁਣਾਉਂਦੇ ਹੋਏ ਇਸ ਦਾ ਵੀ ਧਿਆਨ ਰੱਖਣ।"
ਪੋਰਵਾਲ ਨੇ ਦੱਸਿਆ ਕਿ ਅਦਾਲਤ ਹੁਣ ਇਸ ਮਾਮਲੇ 'ਚ ਜ਼ਿੰਦਾ ਬਚੇ ਚਾਰ ਮੁਲਜ਼ਮ ਭੀਖਾ, ਵਿਸ਼ਵਨਾਥ, ਸ਼ਾਮ ਬਾਬੂ ਤੇ ਪੋਸ਼ਾ ਬਾਰੇ ਫੈਸਲਾ ਸੁਣਾਏਗੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ 'ਚੋਂ ਪੋਸ਼ਾ ਨੂੰ ਛੱਡ ਕੇ ਬਾਕੀ ਤਿੰਨ ਮੁਲਜ਼ਮ ਜ਼ਮਾਨਤ ਤੇ ਹਨ ਜਦਕਿ ਤਿੰਨ ਹੋਰ ਫਰਾਰ ਚੱਲ ਰਹੇ ਹਨ।
ਕੀ ਹੈ ਪੂਰਾ ਮਾਮਲਾ?
ਫੂਲਨ ਦੇਵੀ ਤੇ ਉਸ ਦੇ ਸਾਥੀਆਂ ਤੇ ਕਾਨਪੁਰ ਦੇਹਾਤ ਜ਼ਿਲ੍ਹੇ ਦੇ ਬੇਹਮਈ ਪਿੰਡ 'ਚ 14 ਫਰਵਰੀ 1981 ਨੂੰ 20 ਲੋਕਾਂ ਦਾ ਸਮੂਹਕ ਕਤਲ ਕਰ ਦਿੱਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਫੂਲਨ ਦੇਵੀ ਨੇ ਲਾਲਾ ਰਾਮ ਤੇ ਸ਼੍ਰੀਰਾਮ ਨਾਂਅ ਦੇ ਦੋ ਲੋਕਾਂ ਤੋਂ ਆਪਣੇ ਬਲਾਤਕਾਰ ਦਾ ਬਦਲਾ ਲੈਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।